ਤਸਵੀਰਾਂ ਵੀ ਗੱਲਾਂ ਕਰਦੀਆਂ ਨੇ


ਮੁੱਢ ਕਦੀਮੋਂ ਹੀ ਮਨੁੱਖ ਦੀ ਸੋਹਣਾ ਦਿਸਣ ਦੀ ਇੱਛਾ ਰਹੀ ਹੈ ,ਪਰ ਸੋਹਣਾ ਕਿਵੇਂ ਦਿਸਿਆ ਜਾਵੇ ,ਇਹ ਵੀ ਮੁੱਢ ਕਦੀਮੋਂ ਇੱਕ ਸੁਆਲ ਰਿਹਾ ਹੋਵੇਗਾ ।ਜਦੋਂ ਮਨੁੱਖ ਨੇ ਪਹਿਲੀ ਵਾਰ ਆਪਣਾ ਚਿਹਰਾ ਵੇਖਿਆ ਹੋਵੇਗਾ ਤਾਂ ਉਸ ਦਾ ਕੀ ਪ੍ਰਤੀਕਰਮ ਹੋਵੇਗਾ? ਇਹ ਸਾਇਦ ਕਿਹਾ ਹੀ ਜਾ ਸਕਦਾ ਹੈ ਕਿ ਮਨੁੱਖ ਨੇ ਪਹਿਲੀ ਵਾਰ ਆਪਣਾ ਚਿਹਰਾ ਪਾਣੀ ਵਿੱਚ ਹੀ ਦੇਖਿਆ ਹੋਵੇਗਾ। ਮਨੁੱਖੀ ਸਭਿਅਤਾ ਨੇ ਵਿਕਾਸ ਕੀਤਾ ਤਾਂ ਕਲਪਨਾ ਸਕਤੀ ਦੇ ਅਧਾਰ ਤੇ ਹੀ ਮਨੁੱਖ ਨੇ ਕੋਈ ਸਕਲ ਬਣਾਈ ਹੋਵੇਗੀ । ਫਿਰ ਕੰਧਾਂ ਤੇ ਤਸਵੀਰਾਂ ਸਿਰਜੀਆਂ ਹੋਣਗੀਆਂ ਇਹੀ ਤਸਵੀਰ ਦਾ ਰੂਪ ਬਾਅਦ ਜਾਕੇ ਮੂਰਤੀਆਂ ਬਣੀਆ ਹੋਣਗੀਆਂ।ਇਸੇ ਤਰ੍ਹਾਂ ਹੀ ਅਜੰਤਾ ਅਲੋਰਾ ਜਿਹੇ ਅਣਗਿਣਤ ਸਾਹਕਾਰ ਸਿਰਜੇ ਗਏ।
ਹੋਰ ਭਾਵੇ ਕੁਝ ਵੀ ਰਿਹਾ ਹੋਵੇ ਫੋਟੋ ਜਾ ਤਸਵੀਰ ਦਾ ਸੰਬੰਧ ਮਨੁੱਖ ਨਾਲ ਬਹੁਤ ਪੁਰਾਣਾ ਹੈ।ਸਮਾਂ ਪੈ ਕੇ ਕੈਮਰੇ ਆਏ। ਫੋਟੋ ਹਫਤੇ ਬਾਅਦ ਬਣਕੇ ਆਉਦੀ ਸੀ।ਫਿਰ ਤਸਵੀਰਾਂ ਦਾ ਚਲਣ ਆਮ ਹੋ ਗਿਆ।ਇਲੈਕਟ੍ਰਾਨਿਕ ਚੀਜਾਂ ਕਾਰਨ ਕੰਮ ਜਲਦੀ ਜਲਦੀ ਹੋਣ ਲੱਗਾ।ਇਸੇ ਤਰ੍ਹਾਂ ਚਲਦੀਆਂ ਫਿਰਦੀਆਂ ਤਸਵੀਰਾਂ ਆਈਆਂ ਫਿਲਮਾਂ ਬਣਨ ਲੱਗੀਆਂ। ਟੈਲੀਵਿਜ਼ਨ ਘਰ ਘਰ ਪਹੁੰਚੇ ਤਾ ਉਹੋ ਜਿਹੇ ਗੀਤ ਵੀ ਸਿਰਜੇ ਗਏ ।
ਜਿਵੇਂ ਕਿ;
***
ਮੈਨੂੰ ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ।
***
ਮੈ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ।
***
ਚੂੜੇ ਵਾਲੀ ਬਾਂਹ ਤੇਰੇ ਮੋਢੇ ਰੱਖ ਕੇ ਵੇ
ਚਿੱਤ ਫੋਟੋਵਾਂ ਕਰਾਉਣ ਨੂੰ ਕਰੇ।
***
ਦੁਖੀ ਹੋਏ ਆਸਕ ਨੇ ਵੀ ਗਾਇਆ ਕਿ;
***
ਮੈ ਟੁਕੜੇ ਟੁਕੜੇ ਕਰ ਦੇਣੇ ਤੇਰੀ ਤਸਵੀਰ ਦੇ।
***
ਗੀਤਾਂ ਤੋਂ ਬਿਨਾ ਬੋਲੀਆਂ ਵਿੱਚ ਵੀ ਇਸ ਸ਼ਬਦ ਦੀ ਵਰਤੋ ਹੋਈ;
***
ਕਿ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ।
****
ਵੇ ਭਾਈ ਮੂਵੀ ਵਾਲਿਆ ਮੂਵੀ ਸੈਟ ਬਣਾ ।
****
ਅਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਲੋਕਾਈ ਦੁਆਰਾ ਆਪਣੇ ਆਪ ਸਿਰਜੀਆਂ ਗਈਆਂ।
ਚੜ੍ਹੀ ਜਵਾਨੀ ਵਿੱਚ ਮੁੰਡੇ ਕੁੜੀਆਂ ਆਪਣੇ ਚਿਹਰੇ ਨੂੰ ਵਾਰ ਵਾਰ ਸ਼ੀਸ਼ੇ ਵਿੱਚ ਦੇਖਦੇ ਨੇ।ਸ਼ੀਸ਼ਾ ਹਰ ਸਮੇਂ ਨਾਲ ਨੀ ਰੱਖਿਆ ਜਾ ਸਕਦਾ। ਇਹ ਕੰਮ ਸੈਲਫੀ ਨੇ ਸੌਖਾ ਕਰ ਦਿੱਤਾ ਏ।
ਅੱਜਕਲ੍ਹ ਸੈਲਫੀ ਦਾ ਰਿਵਾਜ ਹੋ ਗਿਆ ਹੈ ।ਵਿਆਹ ,ਭੋਗ,ਜਨਮ ਮਰਨ ,ਖੁਸ਼ੀ, ਗ਼ਮੀ ਹਰ ਮੌਕੇ ਤੇ ਸੈਲਫੀ ਦਾ ਰਿਵਾਜ ਹੋ ਗਿਆ ਹੈ। ਤਾਹੀਂ ਇੱਕ ਵਿਆਹ ਦੀ ਖੁਸੀ ਵੇਲੇ ਇੱਕ ਘਰਵਾਲੀ ਆਪਣੇ ਪਤੀ ਨੂੰ ਕਹਿੰਦੀ ਐ ਕਿ;
***
ਲੈ ਜੱਟਾਂ ਖਿੱਚ ਸੈਲਫੀ
ਜੱਟੀ ਨੱਚੂਗੀ ਬਰਾਬਰ ਤੇਰੇ।
***
ਸਭ ਪ੍ਰੋਗਰਾਮਾਂ ਤੇ ਲੋਕ ਇਸ ਸੈਲਫੀ ‘ਚ ਮਸਤ ਹੁੰਦੇ ਨੇ ਖੈਰ ਸੁੱਖ ਬਾਅਦ ਵਿੱਚ ਪੁੱਛੀ ਜਾਦੀ ਏ । ਪਹਿਲਾਂ ਤਰ੍ਹਾਂ ਤਰ੍ਹਾਂ ਦੇ ਫੇਸ ਇੰਮਪਰੈਸਨ ਬਣਾਕੇ ਸੈਲ਼ਫੀਆਂ ਪੋਸਟ ਕੀਤੀਆਂ ਜਾਦੀਆਂ ਹਨ।
ਲੱਗਦਾ ਹੈ ਜਿਵੇਂ ਸਭ ਨੂੰ ਸੈਲਫੀਫੋਬੀਆ ਹੋ ਗਿਆ ਹੈ
ਬਚਪਨ ਦੀਆਂ ਤਸਵੀਰਾਂ ਸਭ ਨੂੰ ਅਕਰਸ਼ਿਤ ਕਰਦੀਆਂ ਨੇ ।ਹਰੇਕ ਨੂੰ ਬਚਪਨ ਪਿਆਰਾ ਲੱਗਦਾ ਹੈ। ਮਾਪੇ ਇਹਨਾਂ ਪਲਾਂ ਨੂੰ ਸੰਭਾਲਣਾ ਚਾਹੁੰਦੇ ਹੁੰਦੇ ਹਨ। ਅੱਜਕਲ੍ਹ ਬਚਪਨ ਨੂੰ ਫੋਟੋਵਾਂ ਵਿੱਚ ਕੈਦ ਕੀਤਾ ਜਾਂਦਾ ਏ। ਕਿਸੇ ਗਰਭਵਤੀ ਔਰਤ ਦੇ ਕਮਰੇ ਵਿੱਚ ਵੀ ਸੋਹਣੇ ਬੱਚੇ ਦੀ ਫੋਟੋ ਲਾਈ ਜਾਦੀ ਏ।ਸ਼ਾਇਦ ਇਹ ਮਨੋਵਿਗਿਆਨਕ ਕਾਰਨ ਹੈ ਕਿ ਜ਼ਨਮ ਲੈਣ ਵਾਲਾ ਬੱਚਾ ਸੋਹਣਾ ਪੈਦਾ ਹੋਵੇ।
ਹਰ ਪ੍ਰੋਡਕਟ ਭਾਵੇ ਉਹ ਕੋਈ ਵੀ ਹੋਵੇ ।ਉਸ ਨੂੰ ਵੇਚਣ ਲਈ ਔਰਤ ਦੀ ਤਸਵੀਰ ਲਗਾਈ ਜਾਂਦੀ ਏ। ਇਸ ਲਈ ਔਰਤ ਨੂੰ ਵਸਤੂ ਵੇਚਣ ਲਈ ਮਾਰਕੀਟ ਆਈਕੌਨ ਦੇ ਤੌਰ ਤੇ ਵਰਤਿਆ ਜਾ ਰਿਹਾ ।ਵੱਡੇ ਵੱਡੇ ਬਿਊਟੀ ਕੰਨਟੈਸਟ ਤੇ ਫੋਟੋ ਸੂਟ ਕਰਵਾਏ ਜਾਂਦੇ ਨੇ ਵੱਡੇ ਪੋਸਟਰ ਲਾ ਕੇ ਚੀਜ ਦੀ ਮਾਰਕੀਟ ਪੈਦਾ ਕੀਤੀ ਜਾਂਦੀ ਏ।ਸਮਾਨ ਭਾਵੇ ਕੋਈ ਵੀ ਹੋਵੇ ਪਰ ਹਰ ਪੈਕਟ ਤੇ ਫੋਟੋ ਔਰਤ ਦੀ ਹੀ ਹੁੰਦੀ ਏ।
ਕਈ ਵਿਵਾਦਿਤ ਫੋਟੋਵਾਂ ਵੀ ਜਾਰੀ ਹੋ ਜਾਦੀਆਂ ਹਨ । ਧਾਰਮਿਕ ਖੇਤਰ ਵਿੱਚ ਇਹਨਾਂ ਤਸਵੀਰਾਂ ਦਾ ਜਿਆਦਾ ਰੌਲ਼ਾ ਪੈਂਦਾ ਹੈ । ਕੇਵਿਨ ਕਾਰਟਰ ਦੀ ਖਿੱਚੀ ਫੋਟੋ ਵੱਖ ਵੱਖ ਜਿੰਦਗੀ ਦੇ ਚਿਹਰੇ ਬਿਆਨ ਕਰਦੀ ਏ । ਜਿਥੇ ਉਸ ਨੂੰ ਪ੍ਰਸਿੱਧੀ ਵੀ ਮਿਲਦੀ ਤੇ ਮੌਤ ਵੀ।
ਸਾਮਰਾਜੀ ਰਾਜ ਵਿੱਚ ਵੀ ਬੜੀਆਂ ਭਿਆਨਕ ਤਸਵੀਰਾਂ ਪੇਸ ਕੀਤੀਆਂ ਜਾਂਦੀਆਂ ਨੇ ।ਲੋਕਾਂ ਨੂੰ ਡਰਾਇਆ ਤੇ ਅਸਲੀਅਤ ਤੋਂ ਅਣਜਾਣ ਰੱਖਿਆ ਜਾਂਦਾ ।ਵਿਕਾਉ ਮੀਡੀਆਂ ਤੋੜ ਮਰੋੜ ਕੇ ਤਸਵੀਰਾਂ ਪੇਸ ਕਰਦਾ ਏ। ਜਿਸ ਨਾਲ ਲੋਕ ਗੁਮਰਾਹ ਹੋ ਜਾਂਦੇ ਨੇ । ਸੱਚ ਪੇਸ਼ ਨਾ ਕਰਕੇ ਗ਼ਲਤ ਢੰਗ ਨਾਲ ਇੱਕ ਤਸਵੀਰ ਦਾ ਦੂਜਾ ਪਾਸਾ ਪੇਸ ਕੀਤਾ ਜਾਂਦਾ ਹੈ। ਅੱਜਕਲ੍ਹ ਇਹੀ ਰੁਝਾਨ ਜ਼ੋਰਾਂ ਨਾਲ ਚੱਲ ਰਿਹਾ ਹੈ।
ਦਿਲ ਵਿੱਚ ਸੱਜਣਾਂ ਮਿੱਤਰਾਂ ਦੀ ਵਸੀ ਤਸਵੀਰ ਨਾ ਕਦੇ ਫਿੱਕੀ ਪੈਂਦੀ ਹੈ, ਨਾ ਮਿਟਦੀ ਹੈ ।ਵਿਛੜੇ ਹੋਏ ਬਚਪਨ ਦੇ ਆੜੀ ,ਸਕੂਲ ਕਾਲਜ ਦੇ ਮਿੱਤਰ ਤੇ ਨਾਲ ਕੰਮ ਕਰਦੇ ਚੰਗੇ ਸਾਥੀ ਹਮੇਸਾਂ ਦਿਲ ਵਿੱਚ ਵਸੇ ਰਹਿੰਦੇ ਨੇ।ਉਹਨਾਂ ਦੀਆਂ ਤਸਵੀਰਾਂ ਤਾ-ਉਮਰ ਨਾਲ ਰਹਿੰਦੀਆਂ ਹਨ।
ਕੰਧ ਤੇ ਟੰਗੀਆਂ ਤਸਵੀਰਾਂ ਸਾਨੂੰ ਯਾਦਾਂ ਤੇ ਸਮਿਆਂ ਨਾਲ ਬੰਨ੍ਹੀ ਰੱਖਦੀਆਂ ਨੇ। ਵਿਆਹ ਸਾਦੀ ਦੀਆਂ ਤਸਵੀਰਾਂ ਮਨੁੱਖ ਨੂੰ ਚੰਗੇ ਪਲਾਂ ਦੀ ਯਾਦ ਦਿਵਾਉਦੀਆਂ ਨੇ ਕਿਸੇ ਨੇ ਬਹੁਤ ਖੂਬ ਲਿਖਿਆ ਹੈ:-
***
ਬਿਨਾਂ ਪੁੱਛੇ ਬਹੁਤ ਕੁਝ ਜਾਂਦੀਆਂ ਦੱਸ ਤਸਵੀਰਾਂ
ਬੇਸਕ ਨਾ ਹੋਣ ਥਾਂ ਤੋਂ ਟੱਸ ਤੋਂ ਮੱਸ ਤਸਵੀਰਾਂ।
***
ਕਈ ਅੱਖਾਂ ਨਾਲ ਹੀ ਤਸਵੀਰਾਂ ਖਿੱਚ ਕੇ ਖੂਬਸੂਰਤੀ ਦਾ ਬਿਆਨ ਇਸ ਤਰ੍ਹਾਂ ਕਰਦੇ ਨੇ;
****
“ਤੁਸੀਂ ਸਾਡੇ ਕੋਲੋਂ ਪੁੱਛੋ ਕਿ ਤੁਸੀਂ ਕਿੰਨੇ ਸੋਹਣੇ?
ਇਸ ਸ਼ੀਸੇ ਨੇ ਤੈਨੂੰ ਕੀ ਦੱਸਣਾ।”
ਸਹੁਰੇ ਘਰ ਸੱਸ ਦਾ ਮਾੜਾ ਹੋਣਾ ਕੋਈ ਕੁੜੀ ਨੀ ਚਾਹੁੰਦੀ। ਉਸ ਦੀ ਇੱਛਾ ਹੁੰਦੀ ਏ ਕਿ ਸੱਸ ਵਧੀਆ ਹੋਵੇ ਨਹੀ ਤਾਂ ਨਾ ਹੋਵੇ ਇਸ ਕਰਕੇ ਮਜਾਕ ਵਿੱਚ ਕਹਿ ਦਿੰਦੀਆਂ ਨੇ;
***
ਸੱਸ ਹੋਵੇ ਤਾਂ ਚੰਗੀ ਹੋਵੇ
ਨਹੀਂ ਤਾਂ ਫੋਟੋ ਟੰਗੀ ਹੋਵੇ।
ਕਿਹਾ ਜਾਦਾ ਏ ਕਿ ਜੋ ਆਪ ਨੀ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ।ਇਹ ਸਾਧੂ, ਪੀਰ, ਪੈਗੰਬਰ ,ਸੂਰਮੇ ਸਹੀਦ ਲੋਕ ਹੁੰਦੇ ਨੇ ।
ਇਹਨਾ ਤਸਵੀਰਾਂ ਨੂੰ ਲੋਕ ਹਮੇਸ਼ਾ ਪੂਜਦੇ ਨੇ। ਇਹ ਪੂਜਣਯੋਗ ਹੀ ਹੁੰਦੀਆਂ ਨੇ।
ਇਸ ਲਈ ਤਸਵੀਰਾਂ ਰਾਹੀਂ ਯਾਦਾਂ ਨੂੰ ਬਣਾ ਲੈਣਾਂ ਚਾਹੀਦਾ ਏ ।।ਕਿਸੇ ਨੇ ਖੂਬ ਲਿਖਿਆ ਹੈ;
***
”ਚੁੱਪ ਰਹਿਕੇ ਵੀ ਵਰਕੇ ਜਾਣ ਫਰੋਲ੍ਹਦੀਆਂ
ਜਦ ਕਦੇ ਵੀ ਇਹ ਤਸਵੀਰਾਂ ਬੋਲਦੀਆਂ।”
ਜਗਤਾਰ ਸਿੰਘ ਮਾਨਸਾ
9463603091