ਕਲਮੀ ਸੱਥ
ਏਸ ਉਮਰ ਵਿਚ ਘੁੱਟ ਕੇ ਜੱਫੀ ਪਾ ਕੇ ਮਿਲਿਆ ਕਰ

ਏਸ ਉਮਰ ਵਿਚ ਘੁੱਟ ਕੇ ਜੱਫੀ ਪਾ ਕੇ ਮਿਲਿਆ ਕਰ।
ਪੁੱਤ ਵੇ ਜਲਦੀ-ਜਲਦੀ ਸਾਨੂੰ ਆ ਕੇ ਮਿਲਿਆ ਕਰ।
ਜੀਵਨ ਇਕ ਵਾਰੀਂ ਮਿਲਣਾ ਮਾਪੇ ਫਿਰ ਨਈਂ ਮਿਲਣੇਂ,
ਸੀਸ ਝੁਕਾ ਕੇ ਪੈਰਾਂ ਨੂੰ ਹੱਥ ਲਾ ਕੇ ਮਿਲਿਆ ਕਰ।
ਕੰਡਿਆਂ ਵਾਲੀ ਨਫ਼ਰਤ ਸਾਨੂੰ ਰਾਸ ਕਦੀ ਨਈਂ ਆਈ,
ਮਨ ਮਸਤਕ ਵਿਚ ਖ਼ੁਸ਼ਬੂ ਹੋਰ ਵਸਾ ਕੇ ਮਿਲਿਆ ਕਰ।
ਸ਼ੁੱਭ ਅਸੀਸਾਂ ਝੋਲੀ ਦੇ ਵਿਚ ਪਾ ਕੇ ਰੱਖ ਲਵੀਂ,
ਸਜਣਾਂ ਐਰਾਂ ਗ਼ੈਰਾਂ ਨੂੰ ਵੀਂ ਗਾ ਕੇ ਮਿਲਿਆ ਕਰ।
ਸ਼ਾਇਦ ਕਿਧਰੇ ਭੁੱਲ ਭੁਲੇਖੇ ਕੰਡੇ ਫੁਲ ਬਣ ਜਾਵਣ,
ਹਾਸੇ ਵਿਚ ਖ਼ੁਸ਼ਬੂ ਦਾ ਬਾਗ਼ ਵਸਾ ਕੇ ਮਿਲਿਆ ਕਰ।
ਤੇਰੇ ਕਰਕੇ ਸਾਡੀ ਸ਼ੋਭਾ ਨੂੰ ਵਰਦਾਨ ਮਿਲੇ,
ਸੂਰਜ ਦੇ ਨਾਲ ਤਾਰੇ ਚੰਨ ਸਜਾ ਕੇ ਮਿਲਿਆ ਕਰ।
ਵੇਖੀਂ ਫੇਰ ਕਿਨਾਰੇ ਹੋ-ਹੋ ਜਾਵਣਗੇ ਕੁਰਬਾਨ,
ਲਹਿਰਾਂ ਦੇ ਪੈਰ੍ਹਾਂ ਵਿਚ ਝਾਂਜਰ ਪਾ ਕੇ ਮਿਲਆ ਕਰ।
ਹਰ ਕੋਈ ਬਾਲਮ ਤੇਨੂੰ ਅਪਣਾ-ਅਪਣਾ ਆਖੇਗਾ,
ਅਪਣੀ ਹਸਤੀ ਵਿਚੋਂ ਸੀਸ ਝੁਕਾ ਕੇ ਮਿਲਿਆ ਕਰ।

ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409