ਅਦਬਾਂ ਦੇ ਵਿਹੜੇ

ਵਿਲੱਖਣ ਸ਼ਖਸ਼ੀਅਤ – ‘ਪਹਿਲੀ ਕੁੜੀ’ ਗੁਰਦੀਸ਼ ਕੌਰ ਗਰੇਵਾਲ

ਇੱਕ ਮੁਲਾਕਾਤ-*

*ਇੱਕ ਵਿਲੱਖਣ ਸ਼ਖਸ਼ੀਅਤ ਹੈ ‘ਪਹਿਲੀ ਕੁੜੀ’ ਗੁਰਦੀਸ਼ ਕੌਰ ਗਰੇਵਾਲ*

ਗੁਰਦੀਸ਼ ਕੌਰ ਗਰੇਵਾਲ

ਪਿਆਰੇ ਪਾਠਕੋ ਅੱਜ ਇੱਕ ਐਸੀ ਸ਼ਖਸ਼ੀਅਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਨੂੰ ਸਾਹਿਤਕ ਖੇਤਰ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਵਿਸ਼ੇਸ਼ ਮਾਣ- ਸਤਿਕਾਰ ਹਾਸਲ ਹੈ। ਜਿਨ੍ਹਾਂ ਨੇ ਕਿੱਤੇ ਵਜੋਂ ਅਧਿਆਪਨ ਦਾ ਖੇਤਰ ਅਪਣਾਇਆ ਅਤੇ ਸੇਵਾਭਾਵਨਾ ਨਾਲ ਆਪਣਾ ਫ਼ਰਜ਼ ਨਿਭਾਉਂਦਿਆਂ, ਅਗਲੀ ਪੀੜ੍ਹੀ ਵਿੱਚ ਵਿੱਦਿਆ ਦਾ ਚਾਨਣ ਵੰਡਿਆ। ਉਹਨਾਂ ਦੇ ਪੜ੍ਹਾਏ ਹੋਏ ਬੱਚੇ ਅੱਜ ਉੱਚੇ ਰੁਤਬੇ ਹਾਸਲ ਕਰ ਚੁੱਕੇ ਹਨ। ਗੁਰਦੀਸ਼ ਕੌਰ ਗਰੇਵਾਲ ਜੀ ਆਪਣੀ ਜਨਮ ਭੋਇੰ ਪੰਜਾਬ ਤੋਂ ਚੱਲ ਕੇ, ਅੱਜਕਲ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਕਿਆਮ ਕਰ ਚੁੱਕੇ ਹਨ। ਇੱਥੇ ਪਹੁੰਚ ਕੇ ਵੀ ਉਹਨਾਂ ਨੇ ਸੇਵਾਭਾਵਨਾ ਦਾ ਲੜ ਨਹੀਂ ਛੱਡਿਆ। ਇੱਥੇ ਵੀ ਉਹ ਸਾਹਿਤਕ, ਸਮਾਜਿਕ ਅਤੇ ਧਾਰਮਿਕ ਅਨੇਕਾਂ ਸੰਸਥਾਵਾਂ ਨਾਲ ਮਿਲ ਕੇ ਚੰਗਿਆਈਆਂ ਦੇ ਬੀਅ ਬੀਜ ਰਹੇ ਹਨ। ਏਸੇ ਕਰਕੇ ਹੀ ਹਰ ਖੇਤਰ ਵਿੱਚ ਉਹਨਾਂ ਦਾ ਨਾਂ ਬੜੇ ਅਦਬ/ਸਤਿਕਾਰ ਨਾਲ ਲਿਆ ਜਾਂਦਾ ਹੈ। ਪਿਛਲੇ ਦਿਨੀਂ ਇੱਕ ਰੇਡੀਓ ਪ੍ਰੋਗਰਾਮ ਰਾਹੀਂ ਉਹਨਾਂ ਨਾਲ ਜਾਣ-ਪਛਾਣ ਹੋਈ ਤਾਂ ਉਹਨਾਂ ਦੇ ਜੀਵਨ ਸਫ਼ਰ ਬਾਰੇ ਜਾਨਣ ਦੀ ਚਾਹਤ ਪੈਦਾ ਹੋਈ। ਮੁਲਾਕਾਤ ਦਾ ਸਿਰਲੇਖ *‘ਪਹਿਲੀ ਕੁੜੀ’* ਪੜ੍ਹ ਕੇ ਤੁਸੀਂ ਹੈਰਾਨ ਜ਼ਰੂਰ ਹੋਏ ਹੋਵੋਗੇ। ਅੱਜ ਉਹਨਾਂ ਦੀ ਹਯਾਤੀ ਦੇ ਲੰਬੇ ਸਫ਼ਰ ਦੀ ਗਲ ਕਰਦਿਆਂ- ਇਹ ਵੀ ਜਾਣਾਂਗੇ ਕਿ ਉਹ ‘ਪਹਿਲੀ ਕੁੜੀ’ ਕਿਵੇਂ ਅਤੇ ਕਿਉਂ ਹਨ ?

ਸਵਾਲ : ਭੈਣ ਗੁਰਦੀਸ਼ ਕੌਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰ ਇਨਸਾਨ ਦਾ ਜੀਵਨ ਉਸਦੇ ਜਨਮ ਤੋਂ ਹੀ ਸ਼ੁਰੂ ਹੁੰਦਾ ਹੈ। ਸੋ ਆਪਣੇ ਜਨਮ, ਪਰਿਵਾਰ ਅਤੇ ਵਿਦਿਅਕ ਯੋਗਤਾ ਬਾਰੇ ਸਾਡੇ ਪਾਠਕਾਂ ਨੂੰ ਜਾਣਕਾਰੀ ਦਿਓ।

ਉੱਤਰ- ਸਤਿ ਸ੍ਰੀ ਅਕਾਲ ਵੀਰ ਜੀ। ਮੇਰਾ ਜਨਮ ਮੇਰੇ ਨਾਨਕੇ ਘਰ, ਪਿੰਡ ਹਲਵਾਰਾ ਜਿਲ੍ਹਾ ਲੁਧਿਆਣਾ ਵਿਖੇ ਮਾਤਾ ਸੁਰਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਮੇਰੇ ਨਾਨਾ ਜੀ ਇਸ ਪਿੰਡ ਦੇ ਨੰਬਰਦਾਰ ਸਨ। ਮੇਰੇ ਪਿਤਾ ਜੀ ਸ: ਅਵਤਾਰ ਸਿੰਘ ਨਿੱਝਰ ਵੀ ਆਪਣੇ ਪਿੰਡ ਨਾਜਕਾ, ਨੇੜੇ ਪੰਡੋਰੀ ਨਿੱਝਰਾਂ ਜਿਲ੍ਹਾ ਜਲੰਧਰ, ਦੇ ਨੰਬਰਦਾਰ ਸਨ। ਮੇਰੇ ਪੁਰਖੇ ਤੇ ਨਾਨਕੇ ਪਾਕਿਸਤਾਨ ਤੋਂ ਆਏ ਸਨ। ਮੇਰਾ ਬਚਪਨ ਆਪਣੇ ਮਾਤਾ-ਪਿਤਾ ਤੇ ਦਾਦੀ ਜੀ ਦੀ ਗੋਦ ਵਿੱਚ ਬੀਤਿਆ। ਮੈਂ ਪ੍ਰਾਇਮਰੀ- ਪਿੰਡ ਦੇ ਸਕੂਲ ਤੋਂ, ਮੈਟ੍ਰਿਕ- ਸਰਕਾਰੀ ਗਰਲਜ਼ ਹਾਈ ਸਕੂਲ ਖੁਰਦਪੁਰ ਤੋਂ, ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਬੀ ਐਡ ਫਗਵਾੜਾ ਤੋਂ ਕਰਕੇ, ਉਸੇ ਸਕੂਲ ਵਿੱਚ ਮੈਥ ਮਿਸਟਰੈਸ ਲੱਗ ਗਈ- ਜਿਸ ਵਿੱਚ ਮੈਂ ਅੱਠਵੀਂ ਤੇ ਦਸਵੀਂ ਵਿੱਚੋਂ ਟੌਪਰ ਰਹੀ ਸੀ। ਐਮ ਏ ਪੰਜਾਬੀ ਮੈਂ ਵਿਆਹ ਤੋਂ ਬਾਅਦ ਆਪਣੇ ਪਤੀ ਪ੍ਰੋ: ਸੁਰਿੰਦਰ ਸਿੰਘ ਗਰੇਵਾਲ ਜੀ ਦੀ ਪ੍ਰੇਰਣਾ ਨਾਲ ਕੀਤੀ। ਅੱਜਕਲ ਮੈਂ ਕੈਲਗਰੀ ਕੈਨੇਡਾ ਵਿਖੇ ਰਹਿ ਰਹੀ ਹਾਂ। ਇੱਥੇ ਮੇਰੇ ਪਰਿਵਾਰ ਵਿੱਚ- ਮੇਰਾ ਬੇਟਾ-ਨੂੰਹ ਪੋਤਾ ਤੇ ਪੋਤੀ ਹਨ- ਜਦ ਕਿ ਮੇਰੀ ਬੇਟੀ ਬਰੈਂਪਟਨ ਵਿਖੇ ਆਪਣੇ ਪਰਿਵਾਰ ਵਿੱਚ ਸੁਖੀ ਵੱਸਦੀ ਹੈ।

ਸਵਾਲ : ਅਧਿਆਪਨ ਦਾ ਕਿੱਤਾ ਤੁਹਾਡੀ ਆਪਣੀ ਚੋਣ ਸੀ ਜਾਂ ਕੋਈ ਹੋਰ ਕਾਰਨ? ਸਾਡੀ ਵਿਦਿਅਕ ਪ੍ਰਣਾਲੀ ਬਾਰੇ ਤੁਹਾਡੇ ਕੀ ਵਿਚਾਰ ਹਨ?

ਉਤਰ -ਅਧਿਆਪਕ ਬਨਣਾ ਮੇਰਾ ਆਪਣਾ ਵੀ ਸੁਪਨਾ ਸੀ ਅਤੇ ਮੇਰੇ ਮਾਪਿਆਂ ਦੀ ਤਮੰਨਾ ਵੀ ਇਹੀ ਸੀ – ਕਿਉਂਕਿ ਸਾਡੇ ਸਮਿਆਂ ਵਿੱਚ ਇਹ ਕਿੱਤਾ ਬਹੁਤ ਸਤਿਕਾਰਯੋਗ ਹੁੰਦਾ ਸੀ ਤੇ ਵਿਸ਼ੇਸ਼ ਕਰਕੇ ਕੁੜੀਆਂ ਲਈ ਇਹ ਕਿੱਤਾ ਢੁੱਕਵਾਂ ਤੇ ਸੁਰੱਖਿਅਤ ਵੀ ਸਮਝਿਆ ਜਾਂਦਾ ਸੀ। ਉਸ ਸਮੇਂ ਦੇ ਪੜ੍ਹੇ ਹੋਏ ਬੱਚੇ ਸਹੀ ਮਾਅਨਿਆਂ ਚ ਗਿਆਨਵਾਨ ਹੁੰਦੇ ਸਨ। ਪਰ ਅਜੋਕੀ ਵਿਦਿਆ ਪੑਣਾਲੀ ਬਚਿਆਂ ਨੂੰ ਡਾਕਟਰ ਇੰਜੀਨੀਅਰ ਤਾਂ ਬਣਾ ਰਹੀ ਹੈ ਪਰ ਸੁਲਝੇ ਹੋਏ ਇਨਸਾਨ ਨਹੀਂ! ਉਹ ਡਿਗਰੀਆਂ ਪ੍ਰਾਪਤ ਕਰਕੇ ਵੀ ਪ੍ਰੈਕਟੀਕਲ ਗਿਆਨ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਬਿਲਕੁਲ ਕੋਰੇ ਹਨ- ਜਿਸ ਕਾਰਨ ਸਮਾਜ ਵਿੱਚ ਦਿਨੋਂ ਦਿਨ ਨਿਘਾਰ ਵਧਦਾ ਜਾ ਰਿਹਾ ਹੈ।
ਸਵਾਲ :. ਭੈਣ ਜੀ ਸਾਹਿਤਕ ਖੇਤਰ ਵਿੱਚ ਤੁਹਾਡਾ ਪ੍ਰਵੇਸ਼ ਕਿਵੇਂ ਹੋਇਆ?

ਉਤਰ-ਸਾਹਿਤ ਨਾਲ ਮੈਨੂੰ ਬਚਪਨ ਤੋਂ ਹੀ ਪਿਆਰ ਪੈ ਗਿਆ- ਜਿਸ ਦਾ ਕਾਰਨ ਮਾਤਾ ਪਿਤਾ ਦੀ ਅਗਾਂਹ ਵਧੂ ਸੋਚ ਸੀ। ਕਿਰਸਾਨੀ ਕਿੱਤੇ ਨਾਲ ਜੁੜੇ ਹੋਣ ਦੇ ਬਾਵਜੂਦ, ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨ, ਕਵੀ ਦਰਬਾਰ ਤੇ ਮੁਸ਼ਹਿਰੇ ਸੁਣਨ ਦਾ ਸ਼ੌਕ ਸੀ।

ਇਸੇ ਕਾਰਨ ਸਾਡੇ ਘਰ, ਪੰਜਾਬੀ ਅਖਬਾਰ, ਪ੍ਰੀਤਲੜੀ ਤੇ ਚੰਗੀ ਖੇਤੀ ਰਸਾਲਾ ਵੀ ਆਉਂਦਾ ਸੀ ਅਤੇ ਰੇਡੀਓ ਤੇ- ਦਿਹਾਤੀ ਪ੍ਰੋਗਰਾਮ, ਗੁਰਬਾਣੀ ਵਿਚਾਰ, ਭੈਣਾਂ ਦਾ ਪਰੋਗਰਾਮ, ਮੁਸ਼ਹਿਰੇ ਤੇ ਗੀਤ-ਸੰਗੀਤ ਵੀ ਸੁਣਿਆਂ ਜਾਂਦਾ ਸੀ। ਮੇਰੇ ਮਾਤਾ ਜੀ ਵੀ ਪੜ੍ਹੇ ਲਿਖੇ ਪਰਿਵਾਰ ਦੀ ਧੀ ਸੀ। ਪਾਕਿਸਤਾਨ ਵਿੱਚ ਉਹਨਾਂ ਦੇ ਘਰ ਪਿੰਡ ਦੀ ਲਾਇਬ੍ਰੇਰੀ ਸੀ ਅਤੇ ਉਹਨਾਂ ਨੇ ਪੰਜਵੀਂ ਪਾਸ ਕਰਨ ਉਪਰੰਤ ਹੀ- ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਪ੍ਰੋ ਮੋਹਨ ਸਿੰਘ ਹੋਰਾਂ ਨੂੰ ਪੜ੍ਹ ਲਿਆ ਸੀ। ਉਹ ਅਖਬਾਰ ਦਾ ਨਾਰੀ ਅੰਕ ਸੰਭਾਲ ਰੱਖਦੇ ਅਤੇ ਰਾਤ ਨੂੰ ਲਾਲਟੈਣ ਦੀ ਰੌਸ਼ਨੀ ਵਿੱਚ ਪੜ੍ਹਦੇ। ਅਜੇਹੇ ਮਹੌਲ ਵਿੱਚ ਪਲਦਿਆਂ ਮੈਨੂੰ ਵੀ ਚੰਗਾ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਸਾਡੇ ਖਾਨਦਾਨ ਵਿੱਚ ਕੋਈ ਵੀ ਲੇਖਕ ਨਹੀਂ ਹੋਇਆ ਪਰ ਮੈਂ ਕਾਲਜ ਸਮੇਂ ਤੁਕਬੰਦੀ ਸ਼ੁਰੂ ਕਰ ਦਿੱਤੀ। 1973 ਵਿੱਚ ਬੀ ਐੱਡ ਕਰਦਿਆਂ, ਜਦ ‘ਹੋਸਟਲ ਲਾਈਫ’ ਨਾਂ ਦੀ ਕਵਿਤਾ ਵਿੱਚ ਆਪਣੇ ਹੋਸਟਲ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਤਾਂ ਇਸ ਦੀ ਕਾਫੀ ਸ਼ਲਾਘਾ ਹੋਈ ਜਿਸ ਤੋਂ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਇੱਕ ਕਵਿੱਤਰੀ ਬੈਠੀ ਹੈ। ਬੱਸ ਫਿਰ ਕੀ ਸੀ- ਵੱਖ ਵੱਖ ਵਿਸ਼ਿਆਂ ਤੇ ਕਲਮ ਚੱਲਣ ਲਗ ਪਈ। ਇਸ ਤਰ੍ਹਾਂ ਕਵਿਤਾ ਨਾਲ ਸਾਹਿਤ ਦਾ ਸਫਰ ਸ਼ੁਰੂ ਹੋ ਗਿਆ- ਜੋ ਅਜ ਤਕ ਜਾਰੀ ਹੈ।


ਸਵਾਲ : ਹੁਣ ਤੱਕ ਕਿਹੜੀ-ਕਿਹੜੀ ਵਿਧਾ ਤੇ ਕੰਮ ਕਰ ਚੁੱਕੇ ਹੋ ਅਤੇ ਕਿੰਨੀਆਂ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ?

ਉੱਤਰ: ਵੀਰ ਜੀ, ਵਾਹਿਗੁਰੂ ਦੀ ਕਿਰਪਾ ਸਦਕਾ- ਕਵਿਤਾ, ਕਹਾਣੀ, ਮਿੰਨੀ ਕਹਾਣੀ, ਲੇਖ, ਅਲੋਚਨਾ, ਬਾਲ ਕਵਿਤਾਵਾਂ- ਸਭ ਲਿਖ ਲੈਂਦੀ ਹਾਂ। ਕਵਿਤਾ ਵਿੱਚ- ਨਜ਼ਮ, ਗੀਤ, ਰੁਬਾਈਆਂ, ਛੰਦਬਧ ਕਵਿਤਾ, ਦੋਹੇ ਅਤੇ ਗਜ਼ਲ- ਸਭ ਲਿਖੇ ਹਨ। 2011 ਤੋਂ 2023 ਤੱਕ ਮੇਰੀਆਂ 8 ਪੁਸਤਕਾਂ ਛਪੀਆਂ ਹਨ। ਜਿਹਨਾਂ ਵਿੱਚ- 2 ਕਾਵਿ ਸੰਗ੍ਰਹਿ, ਇਕ ਨਿਰੋਲ ਧਾਰਮਿਕ ਕਾਵਿ ਸੰਗ੍ਰਹਿ, 3 ਨਿਬੰਧ ਸੰਗ੍ਰਹਿ, ਇਕ ਗਜ਼ਲ ਸੰਗ੍ਰਹਿ ਅਤੇ ਇਕ ਬਾਲ ਕਵਿਤਾਵਾਂ ਦੀ ਪੁਸਤਕ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ( ਕਵਿਤਾ, ਗੀਤ, ਲੇਖ, ਕਹਾਣੀਆਂ) ਦੇਸ਼ ਵਿਦੇਸ਼ ਦੇ ਅਖਬਾਰਾਂ ਅਤੇ ਸੋਸ਼ਲ ਮੀਡੀਆ ਦਾ ਸ਼ਿੰਗਾਰ ਤਾਂ ਬਣੇ ਹਨ ਪਰ ਅਜੇ ਪੁਸਤਕ ਦਾ ਰੂਪ ਦੇਣਾ ਬਾਕੀ ਹੈ। ਦਸ ਕੁ ਪੁਸਤਕਾਂ ਦੇ ਆਲੋਚਨਾਤਮਕ ਪੇਪਰ ਵੀ ਲਿਖੇ ਹਨ। ਦਰਜਨ ਕੁ ਸਾਂਝੇ ਸੰਗ੍ਰਹਿਆਂ ‘ਚ ਵੀ ਮੇਰੀਆਂ ਕਵਿਤਾਵਾਂ ਨੂੰ ਮਾਣ ਦਿੱਤਾ ਗਿਆ ਹੈ। ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਅਜੇ ਕਲਮ ਚੱਲੀ ਜਾ ਰਹੀ ਹੈ।

ਸਵਾਲ :.ਗੁਰਦੀਸ਼ ਕੌਰ ਜੀ ਸਾਹਿਤ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਤੁਹਾਨੂੰ ਵਿਸ਼ੇਸ਼ ਰੁਤਬਾ ਹਾਸਿਲ ਹੈ।ਤੁਹਾਡਾ ਪਰਿਵਾਰਕ ਪਿਛੋਕੜ ਹੀ ਧਾਰਮਿਕ ਸੀ ਜਾਂ ਕਿਸੇ ਘਟਨਾ ਤੋਂ ਪ੍ਰਭਾਵਿਤ ਹੋ ਕੇ ਧਾਰਮਿਕ ਖੇਤਰ ਵੱਲ ਆਏ?

ਉੱਤਰ-ਵੀਰ ਜੀ, ਮੈਨੂੰ ਧਾਰਮਿਕ ਗੁੜ੍ਹਤੀ ਮੇਰੇ ਪਰਿਵਾਰ ਵਿੱਚੋਂ ਹੀ ਮਿਲੀ ਹੋਈ ਸੀ। ਮੇਰੇ ਘਰ ਦੇ ਜੀਆਂ ਕੋਲ ਭਾਵੇਂ ਬੈਠ ਕੇ ਨਾਮ ਜਪਣ ਦਾ ਸਮਾਂ ਨਹੀਂ ਸੀ- ਪਰ ਉਹ ਮਿਹਨਤੀ, ਨੇਕ ਅਤੇ ਰੱਬ ਦੇ ਭੈਅ ਵਿੱਚ ਰਹਿਣ ਵਾਲੇ ਲੋਕ ਸਨ। ਬਹੁਤ ਵਾਰੀ ਫਸਲ ਆਉਣ ਤੇ ਘਰ ਵਿੱਚ ਸਹਿਜ ਪਾਠ ਵੀ ਕਰਾਇਆ ਜਾਂਦਾ। ਮੇਰੇ ਮਾਤਾ ਜੀ ਦਾ ਬਾਬੇ ਨਾਨਕ ਤੇ ਅਥਾਹ ਭਰੋਸਾ ਸੀ ਤੇ ਉਹ ਹਰ ਦੁੱਖ ਸੁੱਖ ਵਿੱਚ ਬਾਬੇ ਨਾਨਕ ਨੂੰ ਯਾਦ ਕਰਦੇ। ਸਾਡੇ ਘਰ ਦਸ ਗੁਰੂ ਸਾਹਿਬਾਨ ਬਾਰੇ ਲਿਖੀ ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ਵੀ ਪਈ ਸੀ ਅਤੇ ਸੁੰਦਰ ਗੁਟਕਾ ਵੀ। ਅਸੀਂ ਬਹੁਤ ਛੋਟੇ ਸੀ ਜਦੋਂ ਸਾਡੇ ਭੂਆ ਜੀ ਸਾਨੂੰ ਸਾਖੀਆਂ ਸੁਣਾਉਂਦੇ ਰਹਿੰਦੇ। ਸਹੁਰੇ ਪਰਿਵਾਰ ਵਿੱਚ ਵੀ ਕੋਈ ਬੈਠ ਕੇ ਪਾਠ ਨਹੀਂ ਸੀ ਕਰਦਾ ਪਰ ਮੇਰੇ ਸਹੁਰਾ ਸਾਹਿਬ ਦੀ ਨਿੱਜੀ ਲਾਇਬਰੇਰੀ ਵਿੱਚ ਸਾਰੇ ਧਰਮਾਂ ਦੀਆਂ ਪੁਸਤਕਾਂ ਮੌਜੂਦ ਸਨ। ਮੇਰੇ ਜੀਵਨ ਸਾਥੀ ਪੰਜਾਬੀ ਲਿਟਰੇਚਰ ਦੇ ਪ੍ਰੋਫੈਸਰ ਹੋਣ ਕਾਰਨ ਗੁਰਬਾਣੀ ਨਾਲ ਜੁੜੇ ਹੋਏ ਸਨ। ਸੋ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਨਾਲ ਮੇਰਾ ਵਾਹ ਵਾਸਤਾ ਸਦਾ ਹੀ ਜੁੜਿਆ ਰਿਹਾ। ਪਰ ਨੌਕਰੀ ਅਤੇ ਘਰੇਲੂ ਰੁਝੇਵਿਆਂ ਕਾਰਨ ਮੈਂ ਕਿਸੇ ਧਾਰਮਿਕ ਜਾਂ ਸਾਹਿਤਿਕ ਅਦਾਰੇ ਨਾਲ ਪੂਰਨ ਤੌਰ ਤੇ ਨਾ ਜੁੜ ਸਕੀ।

ਹਾਲਾਤ ਵੱਸ ਜਦੋਂ ਮੈਂ ਆਪਣੀ ਇਕੱਲਤਾ ਨੂੰ ਦੂਰ ਕਰਨ ਲਈ ਘਰੋਂ ਬਾਹਰ ਨਿਕਲੀ ਤਾਂ ਸਾਹਿਤ ਸਭਾਵਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਜਾਣਾ ਸ਼ੁਰੂ ਕੀਤਾ ਅਤੇ ਧਾਰਮਿਕ ਕਵਿਤਾ ਲਿਖਣ ਦਾ ਰੁਝਾਨ ਪੈਦਾ ਹੋਇਆ। ਗੁਰੂ ਘਰਾਂ ਵਿੱਚ ਹੋਣ ਵਾਲੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਣ ਲਈ, ਮੈਂ ਸਿੱਖ ਇਤਿਹਾਸ ਨੂੰ ਘੋਖ ਕੇ ਕਵਿਤਾਵਾਂ ਲਿਖੀਆਂ।
ਕੁਝ ਸਾਲਾਂ ਬਾਅਦ ਪਰਿਵਾਰਕ ਜਿੰਮੇਵਾਰੀਆਂ ਤੋਂ ਫਾਰਗ ਹੋ ਕੇ, ਮੈਂ ਅੰਮ੍ਰਿਤ ਛਕ ਲਿਆ ਅਤੇ ਪੱਕੇ ਤੌਰ ਤੇ ਗੁਰਬਾਣੀ ਨਾਲ ਜੁੜ ਗਈ। ਪੰਥਕ ਕਵੀ/ਕਵਿੱਤਰੀਆਂ ‘ਚ ਮੇਰਾ ਨਾਮ ਸ਼ਾਮਿਲ ਹੋ ਗਿਆ। ਪਾਉਂਟਾ ਸਾਹਿਬ ਅਤੇ ਟੋਡਰ ਮੱਲ ਹਾਲ ਫਤਿਹਗੜ੍ਹ ਸਾਹਿਬ, ਸਾਰੀ ਰਾਤ ਹੋਣ ਵਾਲੇ ਕਵੀ ਦਰਬਾਰਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਅਤੇ ਇਸ ਤਰ੍ਹਾਂ ਸਾਹਿਤਿਕ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਇੱਕ ਨਵੇਕਲੀ ਪਛਾਣ ਬਣ ਗਈ।
ਕੈਨੇਡਾ ਆ ਕੇ ਮੈਂ ਧਾਰਮਿਕ ਗੀਤ ਕਵਿਤਾਵਾਂ ਦੇ ਨਾਲ, ਧਾਰਮਿਕ ਵਿਸ਼ਿਆਂ ਤੇ ਵਾਰਤਕ ਵੀ ਲਿਖਣੀ ਸ਼ੁਰੂ ਕੀਤੀ ਜੋ ਮੇਰੀਆਂ ਵਾਰਤਕ ਦੀਆਂ ਪੁਸਤਕਾਂ ਵਿੱਚ ਵੀ ਦਰਜ ਹੈ ਅਤੇ ਜੋ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿੱਚ ਵੀ ਛਪਦੀ ਰਹੀ ਅਤੇ ਪਾਠਕਾਂ ਵਿੱਚ ਬੇਹੱਦ ਮਕਬੂਲ ਹੋਈ। ਵਿਸ਼ਵ ਪੰਜਾਬੀ ਸੰਮੇਲਨ ਅਤੇ ਕੁੱਝ ਆਨਲਾਈਨ ਸਟੇਜਾਂ ਤੇ ਵੀ ਧਾਰਮਿਕ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ ਜੋ ਸਰੋਤਿਆਂ ਵਲੋਂ ਸਲਾਹੇ ਗਏ। ਇਸ ਖੇਤਰ ਵਿੱਚ ਮਿਲੇ ਮਾਣ ਸਤਿਕਾਰ ਬਾਰੇ ਤਾਂ ਮੈਂ ਇਹੀ ਕਹਾਂਗੀ ਕਿ – ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।।

ਸਵਾਲ :.ਪੰਜਾਬ ਅਤੇ ਕੈਨੇਡਾ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਹੋਏ ਹੋ?
ਉਤਰ -ਪੰਜਾਬ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਸਿਰਜਣਧਾਰਾ ਤੇ ਗਜ਼ਲ ਮੰਚ ਪੰਜਾਬ, ਦੀ ਮੈਂਬਰ ਹੋਣ ਤੋਂ ਇਲਾਵਾ ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਹਾਂ।

ਕੈਲਗਰੀ ਕੈਨੇਡਾ ਵਿੱਚ- ਕੈਲਗਰੀ ਲੇਖਕ ਸਭਾ ਦੀ ਐਗਜੈ਼ਕਟਿਵ ਮੈਂਬਰ, ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਅਤੇ ਪੰਜਾਬੀ ਲਿਖਾਰੀ ਸਭਾ ਦੀ ਮੈਂਬਰ ਹੋਣ ਤੋਂ ਇਲਾਵਾ, ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਉਪ ਪ੍ਰਧਾਨ ਦੀ ਸੇਵਾ ਵੀ ਨਿਭਾ ਰਹੀ ਹਾਂ। ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੀ ਪ੍ਰੈਸ ਰਿਪੋਰਟਰ ਅਤੇ ਕੈਲਗਰੀ ਯੂਨਿਟ ਦੀ ਇੰਚਾਰਜ ਹਾਂ। ਈ ਦੀਵਾਨ ਸੁਸਾਇਟੀ ਕੈਲਗਰੀ ਦੀ ਮੈਂਬਰ ਅਤੇ ਕਵੀ ਦਰਬਾਰਾਂ ਦੀ ਮੇਜ਼ਬਾਨ ਹੋਣ ਤੋਂ ਬਿਨਾਂ, ਇਸ ਸੰਸਥਾ ਵੱਲੋਂ ਛਪਦੇ ਆਨਲਾਈਨ ਮਾਸਕ ਮੈਗਜੀਨ ‘ਸਾਂਝੀ ਵਿਰਾਸਤ’ ਦੇ ਐਡੀਟੋਰੀਅਲ ਬੋਰਡ ਦੀ ਵੀ ਮੈਂਬਰ ਹਾਂ। ਸੋਸ਼ਲ ਮੀਡੀਆ ਤੇ ਚੱਲ ਰਹੇ ਗਰੁੱਪਾਂ- ਕਲਮਾਂ ਦਾ ਕਾਫਲਾ, ਮਹਿਕ ਪੰਜਾਬ ਦੀ, ਉਜੀਆਰਾ, ਆਵਾਜ਼ 5ਆਬ ਦੀ, ਕਲਮ 5ਆਬ ਦੀ- ਗਰੁੱਪਾਂ ਦੀ ਵੀ ਸਰਗਰਮ ਮੈਂਬਰ ਹਾਂ।

ਸਵਾਲ :.ਗੁਰਦੀਸ਼ ਕੌਰ ਭੈਣ ਜੀ ਲੇਖਕ ਸਮਾਜ ਨੂੰ ਬਹੁਤ ਨੇੜਿਓਂ ਅਤੇ ਬੜੀ ਬਰੀਕੀ ਨਾਲ ਦੇਖਦਾ ਹੈ। ਤੁਸੀਂ ਭਾਰਤੀ ਸਮਾਜ ਨੂੰ ਵੀ ਦੇਖਿਆ ਅਤੇ ਹੁਣ ਕਨੇਡੀਅਨ ਸਮਾਜ ਨੂੰ ਦੇਖ ਰਹੇ ਹੋ। ਕੀ ਫਰਕ ਲੱਗਦਾ ਤੁਹਾਨੂੰ?
ਉਤਰ :ਵੀਰ ਜੀ ਨਾ ਤਾਂ ਕੈਨੇਡੀਅਨ ਸਮਾਜ ਵਿੱਚ ‘ਸਭ ਹੱਛਾ’ ਹੈ ਅਤੇ ਨਾ ਹੀ ਭਾਰਤੀ ਸਮਾਜ ਵਿੱਚ ਸਭ ਕੁਝ ਮਾੜਾ। ਚੰਗਿਆਈਆਂ ਬੁਰਿਆਈਆਂ ਤਾਂ ਹਰੇਕ ਸਮਾਜ ਵਿੱਚ ਹੁੰਦੀਆਂ ਹਨ। ਪਰ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ- ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।(ਅੰਗ 766)।। ਅਸੀਂ ਬਹੁਤ ਅਮੀਰ ਵਿਰਸੇ ਦੇ ਮਾਲਕ ਹਾਂ। ਪਰ ਸਮੱਸਿਆ ਉਦੋਂ ਖੜੀ ਹੁੰਦੀ ਜਦੋਂ ਅਸੀਂ ਆਪਣੇ ਸੰਸਕਾਰ ਅਤੇ ਗੁਣ ਭੁੱਲ ਕੇ, ਔਗੁਣਾਂ ਨੂੰ ਨਾਲ ਲੈ ਕੇ, ਇਹਨਾਂ ਮੁਲਕਾਂ ਵਿੱਚ ਆਉਂਦੇ ਹਾਂ। ਉਦੋਂ ਹਰੇਕ ਬੁਰਾਈ ਵਿੱਚ ਸਾਡੇ ਲੋਕਾਂ ਦੇ ਨਾਮ ਸ਼ਾਮਿਲ ਹੁੰਦੇ ਹਨ, ਜਿਸ ਨਾਲ ਸਾਡੀ ਸਾਰੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੋ ਲੋਕ ਆਪਣੇ ਗੁਣਾਂ ਦੇ ਨਾਲ ਨਾਲ, ਇਹਨਾਂ ਮੁਲਕਾਂ ਦੇ ਵਧੀਆ ਅਸੂਲ, ਜਿਵੇਂ- ਸਮੇਂ ਦੀ ਕਦਰ ਕਰਨਾ,ਕਿਰਤ ਦੀ ਕਦਰ ਕਰਨਾ ਤੇ ਪੂਰਾ ਮੁੱਲ ਦੇਣਾ, ਸਫ਼ਰ ਦੌਰਾਨ ਕਿਤਾਬਾਂ ਪੜ੍ਹਨੀਆਂ ਆਦਿ ਵੀ ਅਪਣਾ ਲੈਂਦੇ ਹਨ- ਉਹ ਆਪਣੀ ਮਿਹਨਤ ਤੇ ਲਗਨ ਸਦਕਾ ਕੈਨੇਡੀਅਨ ਸਮਾਜ ਵਿੱਚ ਵੀ ਆਪਣੀ ਨਵੇਕਲੀ ਪਛਾਣ ਬਣਾ ਕੇ, ਨਾਮਣੇ ਖੱਟ ਰਹੇ ਹਨ- ਜਿਸ ਨਾਲ ਸਾਡੀ ਪੂਰੀ ਕੌਮ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ।

ਸਵਾਲ :.ਤੁਸੀਂ ਬਤੌਰ ਲੜਕੀ ਕਿਸ ਕਿਸ ਖੇਤਰ ਵਿੱਚ ਪਹਿਲ ਕਦਮੀ ਕੀਤੀ?
ਉੱਤਰ-ਸਾਡੇ ਸਮਿਆਂ ਵਿੱਚ ਪਿੰਡਾਂ ਦੀਆਂ ਲੜਕੀਆਂ ਨੂੰ ਨਾ ਤਾਂ ਉਚੇਰੀ ਵਿਦਿਆ ਹਾਸਲ ਕਰਨ ਲਈ ਸ਼ਹਿਰ ਭੇਜਿਆ ਜਾਂਦਾ ਸੀ ਅਤੇ ਨਾ ਹੀ ਨੌਕਰੀ ਕਰਨ ਦੀ ਇਜਾਜ਼ਤ ਹੁੰਦੀ ਸੀ। ਮੈਂ ਆਪਣੇ ਪਿੰਡ ਦੀ ਪਹਿਲੀ ਕੁੜੀ ਸੀ ਜੋ ਦਸਵੀਂ ਪਾਸ ਕਰਨ ਉਪਰੰਤ ਕਾਲਜ ਦਾਖਲ ਹੋਈ ਅਤੇ ਇਕੱਲੀ ਪੰਜ ਕਿਲੋਮੀਟਰ ਸਾਈਕਲ ਚਲਾ ਕੇ, ਫਿਰ ਬੱਸ ਫੜ ਕੇ ਕਾਲਜ ਪੜ੍ਹਨ ਜਾਂਦੀ।
ਮੈਂ ਪਿੰਡ ਦੀ ਪਹਿਲੀ ਕੁੜੀ ਸਾਂ ਜਿਸ ਨੇ ਅੱਠਵੀਂ ਦਸਵੀਂ ਅਤੇ ਪਰੈਪ (+1) ਵਿੱਚੋਂ ਮੈਰਿਟ ਦੇ ਅਧਾਰ ਤੇ ਵਜੀਫਾ ਪ੍ਰਾਪਤ ਕੀਤਾ ਜੋ ਬੀ ਏ ਤੱਕ ਮਿਲਦਾ ਰਿਹਾ।
ਮੈਂ ਪਿੰਡ ਦੀ ਪਹਿਲੀ ਕੁੜੀ ਸਾਂ- ਜਿਸ ਨੇ ਬਿਨਾਂ ਟਿਊਸ਼ਨਾਂ ਤੋਂ, ਬਗੈਰ ਹੋਸਟਲ ਵਿੱਚ ਰਿਹਾਂ, ਆਪਣੀ ਸਾਰੀ ਪੜ੍ਹਾਈ ਲੈਂਪ ਦੀ ਰੌਸ਼ਨੀ ਵਿੱਚ ਕਰਕੇ, ਮੈਥ ਦੇ ਵਿਸ਼ੇ ਨਾਲ ਗਰੈਜੂਏਸ਼ਨ ਕੀਤੀ ਅਤੇ ਬੀ ਐਡ ਕਰਕੇ, ਉਸੇ ਸਰਕਾਰੀ ਸਕੂਲ ਵਿੱਚ ਮੈਥ ਮਿਸਟਰੈਸ ਲੱਗ ਗਈ ਜਿਸ ਸਕੂਲ ਵਿੱਚੋਂ ਮੈਂ ਟੌਪਰ ਰਹੀ ਸਾਂ।
ਮੈਂ ਪਿੰਡ ਦੀ ਪਹਿਲੀ ਕੁੜੀ ਸੀ- ਜੋ ਸਮਾਂ ਪਾ ਕੇ, ਇਕ ਲੇਖਿਕਾ ਵੀ ਬਣੀ ਅਤੇ ਮਾਂ ਬੋਲੀ ਪੰਜਾਬੀ ਦੀ ਝੋਲੀ, ਸਾਹਿਤ ਦੀਆਂ ਵੱਖੋ ਵੱਖ ਵੰਨਗੀਆਂ ਦੀਆਂ ਅੱਠ ਪੁਸਤਕਾਂ ਪਾਈਆਂ, ਜਿਸ ਵਿੱਚ ਕਵਿਤਾ, ਗੀਤ, ਗਜ਼ਲ, ਦੋਹੇ, ਵਾਰਤਕ ਅਤੇ ਬਾਲ ਕਵਿਤਾਵਾਂ ਸ਼ਾਮਿਲ ਹਨ। ਬੋਲੀਆਂ, ਟੱਪੇ, ਅਲੋਚਨਾ, ਕਹਾਣੀਆਂ ਸਮੇਤ ਅਜੇ ਕਲਮ ਦਾ ਸਫਰ ਜਾਰੀ ਹੈ।

ਸਵਾਲ :.ਮਾਂ ਬੋਲੀ ਪੰਜਾਬੀ ਦੇ ਭਵਿੱਖ ਬਾਰੇ ਤੁਹਾਡੇ ਕੀ ਵਿਚਾਰ ਹਨ ਅਤੇ ਪੰਜਾਬੀ ਜ਼ੁਬਾਨ ਨੂੰ ਅਗਲੀ ਪੀੜੀ ਤੱਕ ਲੈ ਜਾਣ ਲਈ ਕੀ -ਕੀ ਉਪਰਾਲੇ ਕਰ ਰਹੇ ਹੋ?
ਉੱਤਰ :ਮਾਂ ਬੋਲੀ ਪੰਜਾਬੀ ਦਾ ਭਵਿੱਖ ਬਹੁਤਾ ਉੱਜਲਾ ਅਜੇ ਨਜ਼ਰ ਨਹੀਂ ਆ ਰਿਹਾ, ਜਿਸ ਦੇ ਕਸੂਰਵਾਰ ਅਸੀਂ ਆਪ ਹੀ ਹਾਂ। ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਉਹਨਾਂ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਇਆ ਹੈ, ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਇਸੇ ਕਾਰਨ ਸਾਡੀ ਨਵੀਂ ਪੀੜ੍ਹੀ, ਦੂਜੀਆਂ ਭਾਸ਼ਾਵਾਂ ਦਾ ਸਾਹਿਤ ਪੜ੍ਹਦੀ ਹੈ ਤੇ ਓਸੇ ਵਿੱਚ ਲਿਖਦੀ ਤੇ ਬੋਲਦੀ ਹੈ। ਆਪਣੇ ਦੇਸ਼ ਵਿੱਚ ਆਪਣੇ ਘਰਾਂ ਵਿੱਚ ਹਿੰਦੀ ਦਾ ਅਤੇ ਵਿਦੇਸ਼ਾਂ ਵਿੱਚ ਅੰਗਰੇਜ਼ੀ ਦਾ ਬੋਲਬਾਲਾ ਹੈ।

ਜਿਨ੍ਹਾਂ ਘਰਾਂ ਵਿੱਚ ਸਾਡੀ ਪੀੜ੍ਹੀ ਦੇ ਲੋਕ ਮੌਜੂਦ ਹਨ, ਉਥੇ ਬੱਚੇ ਪੰਜਾਬੀ ਬੋਲਣੀ ,ਸਮਝਣੀ ਤਾਂ ਸਿੱਖ ਜਾਂਦੇ ਹਨ- ਪਰ ਲਿਖਣੀ ਪੜ੍ਹਨੀ ਸਿਖਾਉਣ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਬਹੁ ਗਿਣਤੀ ਹੋਣ ਕਾਰਨ, ਬੋਲਣ ਵਾਲੀ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਹਾਸਿਲ ਹੈ। ਪੰਜਾਬੀ ਦੇ ਅਖਬਾਰ, ਰੇਡੀਓ ਟੀਵੀ ਚੈਨਲ, ਕਲਚਰਲ ਪ੍ਰੋਗਰਾਮ, ਕਾਫੀ ਹੁੰਦੇ ਹਨ- ਪਰ ਇਸ ਦੇ ਬਾਵਜੂਦ ਸਾਡੀ ਮਾਂ ਬੋਲੀ ਸਾਡੇ ਘਰਾਂ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ। ਇਸ ਨੂੰ ਬਚਾਉਣ ਲਈ ਗੁਰਦੁਆਰਿਆਂ ਵਿੱਚ, ਖਾਲਸਾ ਸਕੂਲਾਂ ਵਿੱਚ ਜਾਂ ਕੁੱਝ ਹੋਰ ਥਾਵਾਂ ਤੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਨਿਰੰਤਰ ਯਤਨ ਹੋ ਰਹੇ ਹਨ।‌ ਮੈਂ ਵੀ ਇੱਕ ਸੰਸਥਾ ਨਾਲ ਰਲ ਕੇ ਵਲੰਟੀਅਰ ਪੰਜਾਬੀ ਪੜ੍ਹਾਉਂਦੀ ਰਹੀ ਹਾਂ।ਆਪਣੀ ਅੱਠਵੀਂ ਪੁਸਤਕ ਬੱਚਿਆਂ ਦੀਆਂ ਕਵਿਤਾਵਾਂ ਦੀ, ਰੰਗਦਾਰ ਤਸਵੀਰਾਂ ਵਾਲੀ ਛਾਪ ਕੇ, ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਇਕ ਹੋਰ ਉਪਰਾਲਾ ਕੀਤਾ ਹੈ। ਇਕ ਲਿਖਾਰੀ ਸਭਾ ਨਾਲ ਮਿਲ ਕੇ, ਅਸੀਂ ਹਰ ਸਾਲ ਬੱਚਿਆਂ ਦਾ ਪੰਜਾਬੀ ਬੋਲਣ ਦਾ ਮੁਕਾਬਲਾ ਕਰਾਉਂਦੇ ਹਾਂ ਅਤੇ ਬੋਲਣ ਵਾਲੇ ਹਰ ਬੱਚੇ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ। ਆਪਣੇ ਯੂਟਿਊਬ ਚੈਨਲ ਰਾਹੀਂ, ਮੈਂ ਮਾਂ ਬੋਲੀ ਦੀਆਂ ਕਵਿਤਾਵਾਂ, ਗੀਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹਾਂ। ਮੇਰੇ ਕੁੱਝ ਸਮਾਜਿਕ ਅਤੇ ਧਾਰਮਿਕ ਗੀਤਾਂ ਨੂੰ, ਕੁਝ ਗਾਇਕਾਂ ਨੇ ਸੁਰੀਲੇ ਬੋਲ ਵੀ ਦਿੱਤੇ ਹਨ- ਜਿਨ੍ਹਾਂ ਨੂੰ ਸੁਣ ਕੇ, ਗਾ ਕੇ, ਬੱਚੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਲੱਗੇ ਹਨ। ਆਪਣੇ ਬੱਚਿਆਂ ਸਮੇਤ, ਹਰ ਬੱਚੇ ਨੂੰ ਮਾਂ ਬੋਲੀ ਬੋਲਣ ਲਈ ਉਤਸ਼ਾਹਤ ਕਰਨ ਦਾ ਯਤਨ ਕਰਦੀ ਹੈ। ਮਾਂ ਬੋਲੀ ਤੋਂ ਟੁੱਟ ਕੇ ਅਸੀਂ ਕੱਖਾਂ ਵਾਂਗ ਰੁਲ ਜਾਵਾਂਗੇ- ਸਾਡੀ ਪੀੜ੍ਹੀ ਨੂੰ ਇਸ ਗੱਲ ਦੀ ਚਿੰਤਾ ਹੈ। ਪਰ ਜੇਕਰ ਅਸੀਂ ਸਾਰੇ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਤਾਂ ਇਸ ਦੇ ਭਵਿੱਖ ਦੇ ਉੱਜਲਾ ਹੋਣ ਦੀਆਂ ਸੰਭਾਵਨਾਵਾਂ ਬਹੁਤ ਹਨ।

ਸਵਾਲ :.ਤੁਹਾਡਾ ਸਮੁੱਚਾ ਕਾਰਜ ਸਲਾਹੁਣ ਯੋਗ ਹੈ। ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਤੁਹਾਡੀ ਹੌਸਲਾ ਅਫ਼ਜ਼ਾਈ ਕੀਤੀ?
ਉੱਤਰ -ਵੀਰ ਜੀ ਮੈਂ ਪਰਮਾਤਮਾ ਵੱਲੋਂ ਮਿਲੀ ਕਲਮ ਦੀ ਦਾਤ ਰਾਹੀਂ ਇਕ ਨਰੋਆ ਸਮਾਜ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਂ ਉਸੇ ਮਨੋਰਥ ਲਈ ਲਿਖਦੀ ਹਾਂ। ਕਿਸੇ ਸੰਸਥਾ ਤੋਂ ਜਾਂ ਕਿਸੇ ਸਰਕਾਰ ਤੋਂ ਕਿਸੇ ਮਾਨ ਸਨਮਾਨ ਦੀ ਮਨ ਵਿੱਚ ਕਦੇ ਭੁੱਖ ਨਹੀਂ ਰੱਖੀ। ਪਾਠਕਾਂ ਦਾ ਭਰਵਾਂ ਹੁੰਗਾਰਾ ਹੀ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ। ਫਿਰ ਵੀ ਦੇਸ਼ ਵਿਦੇਸ਼ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਅਨੇਕਾਂ ਮਾਨ ਸਨਮਾਨ ਝੋਲੀ ਪਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਜੋੜ ਮੇਲੇ ਤੇ ਪੰਥਕ ਕਵਿੱਤਰੀ ਵਜੋਂ ਸਨਮਾਨਿਤ ਕੀਤਾ ਗਿਆ। ਕੈਨੇਡਾ ਵਿਖੇ ਇਥੋਂ ਦੀ ਸਰਕਾਰ ਦੁਆਰਾ, ਸਾਹਿਤਿਕ ਯੋਗਦਾਨ ਲਈ ਦੋ ਵਾਰ ਵਿਸ਼ੇਸ਼ ਸਨਮਾਨ ਪੱਤਰ ਪ੍ਰਾਪਤ ਹੋਏ ਅਤੇ 2019 ਵਿੱਚ, ਦੇਸ ਪੰਜਾਬ ਅਦਾਰੇ ਵੱਲੋਂ, ਗਦਰੀ ਬਾਬਿਆਂ ਦੇ ਮੇਲੇ ਵਿੱਚ ਭਾਈ ਵੀਰ ਸਿੰਘ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਬਾਕੀ ਲੰਬੀ ਸੂਚੀ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਜੀ- ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।।

ਸਵਾਲ :.ਸਾਡੀ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਉੱਤਰ: ਆਪਣੀ ਕੌਮ ਨੂੰ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ- ਕਿ ਆਪਣੇ ਘਰਾਂ ਵਿੱਚ ਪੰਜਾਬੀ ਬੋਲੋ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜੋ। ਬੱਚਿਆਂ ਨਾਲ ਸਮਾਂ ਬਿਤਾਓ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ। ਚੰਗਾ ਸਾਹਿਤ ਆਪ ਪੜ੍ਹੋ ਅਤੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਤ ਕਰੋ। ਬੱਚਿਆਂ ਨੂੰ ਲਾਇਬ੍ਰੇਰੀ ਲੈ ਕੇ ਜਾਓ ਤੇ ਉਹਨਾਂ ਦੇ ਮਨ ਪਸੰਦ ਦੀਆਂ ਕਿਤਾਬਾਂ ਲਿਆ ਕੇ ਦਿਓ। ਹਰ ਘਰ ਵਿੱਚ ਵੀ ਇਕ ਲਾਇਬਰੇਰੀ ਦਾ ਹੋਣਾ ਜਰੂਰੀ ਹੈ, ਜਿਸ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਪੁਸਤਕਾਂ ਵੀ ਹੋਣ।

ਜਸਵੀਰ ਸਿੰਘ ਭਲੂਰੀਆ

ਮੁਲਾਕਾਤੀ- ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
ਸੰਪ-+91-9915995505
+1 236 622 7799

Show More

Related Articles

Leave a Reply

Your email address will not be published. Required fields are marked *

Back to top button
Translate »