ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ’ਚ ਬੈਠੇ ਫੈਡਰੇਸ਼ਨ ਆਗੂ ਸਿਧਾਂਤਕ ਪਕਿਆਈ ਦਾ ਇਜ਼ਹਾਰ ਕਰਨ : ਪ੍ਰੋ. ਖਿਆਲਾ

ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ’ਚ ਬੈਠੇ ਫੈਡਰੇਸ਼ਨ ਆਗੂ ਸਿਧਾਂਤਕ ਪਕਿਆਈ ਦਾ ਇਜ਼ਹਾਰ ਕਰਨ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਕੀ ਬਾਦਲਕੇ ਦਿਲੀ ਅਤੇ ਹਰਿਆਣਾ ਕਮੇਟੀਆਂ ਦੀ ਚੋਣ ਵਿਚ ਹਿੱਸਾ ਲੈਣ ਵਾਲੇ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ ਹਨ?
ਅੰਮ੍ਰਿਤਸਰ, 16 ਮਾਰਚ ( ਪੰਜਾਬੀ ਅਖ਼ਬਾਰ ਬਿਊਰੋ ) ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਹੇ ਹਨ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ’ਚ ਬੈਠੇ ਫੈਡਰੇਸ਼ਨ ਨਾਲ ਸੰਬੰਧਿਤ ਰਹੀਆਂ ਸ਼ਖ਼ਸੀਅਤਾਂ ਨੂੰ ਬਾਦਲ ਪਰਿਵਾਰ ਨੂੰ ਮੁੜ ਸਥਾਪਿਤ ਕਰਨ ਹਿੱਤ ਮੌਜੂਦਾ ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸੰਬੰਧੀ ਸਿਆਸਤ ਤੋਂ ਪ੍ਰੇਰਿਤ ਲਏ ਗਏ ਫ਼ੈਸਲਿਆਂ ਖਿਲਾਫ ਸਿਧਾਂਤ ਅਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੀ ਭੂਮਿਕਾ ਅਦਾ ਕਰਨ ਦਾ ਹੋਕਾ ਦਿੱਤਾ ਹੈ।

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰੋੜ੍ਹਤਾ ਕਰਦਿਆਂ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਬਾਦਲ ਦਲ ਵੱਲੋਂ ਪੰਥ ਲਈ ਕੀਤੇ ਕਾਰਜਾਂ ਲਈ ਸਮੇਂ ਸਮੇਂ ਖੁੱਲ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਤੇ ਸਾਥ ਦਿੱਤਾ, ਪਰ ਅੱਜ ਸਿਧਾਂਤ ਤੋਂ ਥਿੜਕੇ ਤਾਂ ਖੁੱਲ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬਤੌਰ ਇਕ ਸਿੱਖ ਮੇਰਾ ਮੰਨਣਾ ਹੈ ਕਿ ਸੰਗਤ ਦੀ ਨਾਰਾਜ਼ਗੀ ਅਕਾਲੀ ਦਲ ਨਾਲ ਨਹੀਂ ਲੇਕਿਨ ਮੌਜੂਦਾ ਲੀਡਰਸ਼ਿਪ ਦੀਆਂ ਆਪਹੁਦਰੀਆਂ ਨਾਲ ਜ਼ਰੂਰ ਹਨ। ਪੰਥ ’ਚ ਰੋਸਾ ਇਸ ਕਰਕੇ ਹੈ ਕਿ ਇਕ ਪਰਿਵਾਰ ਨੂੰ ਸਥਾਪਿਤ ਕੀਤੀ ਰੱਖਣ ਲਈ ਜਥੇਦਾਰਾਂ ਦੀ ਪਦਵੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲਕਿਆਂ ਕੋਲ ਇਸ ਗਲ ਦਾ ਕੋਈ ਜਵਾਬ ਨਹੀਂ ਕਿ ਕਮੀਆਂ ਕਾਰਨ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਹੈ, ਤਾਂ ਫਿਰ ਉਹ ਜਥੇਦਾਰੀ ਤੋਂ ਵੀ ਉਪਰ ਦੀ ਪਦਵੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕਿਉਂ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਨੇ ਨਿੱਜ ਦੀ ਥਾਂ ਹਮੇਸ਼ਾਂ ਪੰਥ ਦੀਆਂ ਭਾਵਨਾਵਾਂ, ਗੁਰਮਤਿ ਸਿਧਾਂਤ, ਰਵਾਇਤਾਂ, ਪਰੰਪਰਾਵਾਂ ਅਤੇ ਮਰਯਾਦਾ ਨੂੰ ਤਰਜ਼ੀਹ ਦਿੱਤੀ। ਜਦੋਂ ਇਕ ਧਿਰ ਵੱਲੋਂ ਇਹ ਸਭ ਸਿਆਸੀ ਸਵਾਰਥ ਲਈ ਰੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਗੁੜ੍ਹਤੀ ਵਿਰਸੇ ਤੋਂ ਹਾਸਲ ਹੋਣ ਨਾਲ ਮੇਰੇ ਸਿਦਕੀ ਭਰਾਵਾਂ ਲਈ ਸਹੀ ਗ਼ਲਤ ਦਾ ਫ਼ੈਸਲਾ ਕਰਨਾ ਔਖਾ ਤਾਂ ਬਿਲਕੁਲ ਨਹੀਂ ਹੈ, ਲੋੜ ਕੇਵਲ ਅੰਤਰ ਝਾਤ ਮਾਰਨ ਦੀ ਹੈ। ਉਨ੍ਹਾਂ ਕਿਹਾ ਮੈ ਫੈਡਰੇਸ਼ਨ ਪਿਛੋਕੜ ਵਾਲੀਆਂ ਸ਼ਖ਼ਸੀਅਤਾਂ ਦੀ ਕਾਬਲੀਅਤ ਤੋਂ ਜਾਣੂ ਹਾਂ, ਹੁਣ ਸਮਾਂ ਆ ਗਿਆ ਹੈ ਕਿ ਕਿਸੇ ਗ਼ਲਤ ਫ਼ੈਸਲਿਆਂ ਦੇ ਮਜਬੂਰੀ ’ਚ ਪਿਛਲੱਗ ਬਣਨ ਜਾਂ ਖੜ੍ਹਨ ਮੌਕੇ ਕੈਮਰਿਆਂ ਤੋਂ ਮੂੰਹ ਛਪਾਉਣ ਦੀ ਥਾਂ ਉਨ੍ਹਾਂ ਨੂੰ ਪੰਥ ਨੂੰ ਸਿਧਾਂਤਕ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਅਕਾਲੀਆਂ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੌਕਾ ਪ੍ਰਸਤ ਠਹਿਰਾਉਂਦਿਆਂ ਕਿਹਾ ਕਿ ਜਿਸ ਨੇ ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸੁਬੇਗ ਸਿੰਘ ਦੀਆਂ ਮਿਸਾਲਾਂ ਦੇ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਤਰ ਮੋਹ ’ਚ ਫਸਕੇ ਅਕਾਲੀ ਦਲ ਨੂੰ ਖ਼ਤਮ ਕਰਨ ਵਾਲਾ ਗਰਦਾਨਦਿਆਂ ਸੀ, ਅੱਜ ਉਹ ’’ਸਮੇਂ ਸਮੇਂ ਨਾਲ ਵਿਚਾਰ ਬਦਲ ਜਾਂਦਾ ਹੈ’’ ਕਹਿਣ ’ਚ ਕੋਈ ਸੰਗ ਨਹੀਂ ਕਰਦਾ ਹੈ। ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਨੇ ਤੁਹਾਡੇ ਨਵੇਂ ਜਥੇਦਾਰ ਨੂੰ ਪ੍ਰਵਾਨ ਨਹੀਂ ਕੀਤਾ ਤਾਂ ਤੁਸਾਂ ਸਮੇਂ ਸਮੇਂ ਨਕਾਰ ਦਿੱਤੇਗਿਆਂ ਦੇ ਘਰਾਂ ’ਚ ਜਾ ਜਾ ਕੇ ਦਸਤਾਰਾਂ ਅਤੇ ਸਿਰੋਪਾਉ ਮੰਗਣ ਦੀ ਨਵੀਂ ਪਿਰਤ ਕਿਉਂ ਰਹੇ ਹੋ? ਇਸ ਦਾ ਜਵਾਬ ਤੁਹਾਨੂੰ ਦੇਣਾ ਪਵੇਗਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੰਗਤ ਸਭ ਜਾਣਦੀ ਹੈ,ਹੁਣ ਭਾਈ ਗੜਗੱਜ ਅਤੇ ਬਾਦਲਕਿਆਂ ਦੇ ’’ਦਿੱਲੀ ਕਾਬਜ਼ ਹੋਣਾ ਚਾਹੁੰਦੀ ਹੈ’ ਕਹਿ ਕੇ ਸੰਗਤ ਨੂੰ ਗੁਮਰਾਹ ਕਰਨ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਬਾਦਲਕਿਆਂ ਦੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਹੈ ਅਤੇ ਦਿਲੀ ਤੇ ਹਰਿਆਣਾ ਕਮੇਟੀਆਂ ’ਤੇ ਭਾਜਪਾ ਕਾਬਜ਼ ਹਨ ਦੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਸਵਾਲ ਕੀਤਾ ਕਿ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੀ ਚੋਣ ਸਿੱਖਾਂ ਵੱਲੋਂ ਵੋਟ ਰਾਹੀ ਕੀਤੀ ਜਾਂਦੀ ਹੈ, ਕੀ ਬਾਦਲਕੇ ਦਿਲੀ ਅਤੇ ਹਰਿਆਣਾ ਕਮੇਟੀਆਂ ਦੀ ਚੋਣ ਵਿਚ ਹਿੱਸਾ ਲੈਣ ਵਾਲੇ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ ਹਨ?
ਸਿੱਖ ਸੰਗਤ ਸ਼੍ਰੋਮਣੀ ਤੋਂ ਆਸ ਕਰਦੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਦੀ ਪ੍ਰਕਿਰਿਆ ਗੁਰਮਤਿ ਪਰੰਪਰਾਵਾਂ ਅਤੇ ਪੰਥਕ ਭਾਵਨਾਵਾਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ।