ਮੇਰਾ ਨਿੱਕਾ ਵੀਰ

ਵੱਡੀਆਂ ਭੈਣਾਂ ਨੂੰ ਛੋਟੇ ਵੀਰ ਆਪਣੇ ਪੁੱਤਾਂ ਵਾਂਗ ਪਿਆਰੇ ਹੁੰਦੇ ਨੇ। ਇਹ ਗੱਲ ਮੈਂ ਬਹੁਤ ਵਾਰ ਆਪਣੀ ਮਾਂ ਕੋਲ਼ੋ ਸੁਣੀ ਸੀ, ਪਰ ਸਮਝ ਉਸ ਦਿਨ ਆਈ ਜਦ ਮੈਂ 18 ਸਾਲ ਦੀ ਉਮਰ ਵਿਚ ਘਰ ਪਰਿਵਾਰ ਛੱਡ ਪਰਦੇਸ ਆ ਗਈ। ਜਿਵੇਂ ਜਿਵੇਂ ਮੈਂ ਘਰੋਂ ਦੂਰ ਆ ਰਹੀ ਸੀ ਮੇਰਾ ਮੇਰੇ ਨਿੱਕੇ ਵੀਰ ਨਾਲ ਮੋਹ ਵੱਧ ਰਿਹਾ ਸੀ। ਹਰ ਨਿੱਕੀ ਨਿੱਕੀ ਚੀਜ਼ ਪਿੱਛੇ ਲੜਨ ਵਾਲੇ ਜਦੋਂ ਦੂਰ ਹੋਏ ਤਾਂ ਪਤਾ ਲੱਗਿਆ ਕੇ ਇਹ ਭੈਣ- ਭਰਾ ਕਿੰਨੇ ਜ਼ਰੂਰੀ ਹੁੰਦੇ ਨੇ। ਕੋਲ ਹੁੰਦਿਆਂ ਕਦੇ ਲੱਗਿਆ ਹੀ ਨਹੀ ਸੀ ਕੇ ਮਾਂ-ਪਿਓ, ਵੀਰ, ਦਾਦਾ-ਦਾਦੀ ਨੂੰ ਛੱਡਣਾ ਇਹਨਾਂ ਔਖਾ ਵੀ ਹੋ ਸਕਦਾ। ਦੂਰ ਰਹਿ ਕੇ ਮੋਹ ਦੀਆਂ ਤੰਦਾਂ ਹੋਰ ਵੀ ਗੂੜੀਆਂ ਹੋ ਜਾਂਦੀਆਂ ਹਨ। ਮੇਰਾ ਵੀਰ ਹੁਣ ਜਵਾਨ ਹੋ ਗਿਆ, ਪਰ ਮੇਰੇ ਲਈ ਉਹ ਮੇਰਾ ਨਿੱਕਾ ਵੀਰ ਹੀ ਆ। ਜਦੋਂ ਵੀ ਉਸ ਵੱਲ ਵੇਖਦੀ ਹਾ ਤਾਂ ਮੈਨੂੰ ਅੱਜ ਵੀ ਉਹ ਨਿੱਕਾ ਜਿਹਾ ਸਕੂਲ ਜਾਣ ਲੀ ਬੈਗ ਪਾਈ ਖੜਾ ਹੀ ਦਿਸਦਾ ਹੈ। ਜਿਸ ਦੀਆਂ ਆਲੀਆਂ ਭੋਲੀਆਂ ਰੀਝਾਂ ਪੂਰੀਆਂ ਕਰਕੇ ਮੇਰੇ ਦਿਲ ਨੂੰ ਸਕੂਨ ਮਿਲਦਾ।
ਭੈਣਾਂ ਦੇ ਸਾਹ ਆਪਣੇ ਵੀਰਾਂ ਵਿਚ ਹੀ ਵੱਸਦੇ ਨੇ। ਆਪਣੇ ਭਰਾਵਾਂ ਤੇ ਆਉਣ ਵਾਲੇ ਹਰ ਦੁੱਖ ਅੱਗੇ ਖੜਨ ਲੱਗੀਆਂ ਉਹ ਇਕ ਵਾਰ ਵੀ ਨੀ ਸੋਚਦੀਆਂ। ਪਰਦੇਸੀ ਬੈਠੀਆਂ ਜਾਂ ਵਿਆਹ ਕੇ ਸੋਹਰੇ ਘਰ ਗਈਆਂ ਭੈਣਾਂ ਰੱਬ ਤੋਂ ਸਾਰੀ ਜ਼ਿੰਦਗੀ ਬਸ ਆਪਣੇ ਮਾਪੇ ਤੇ ਭੈਣ ਭਰਾਵਾਂ ਦੀਆਂ ਦੁਆਵਾਂ ਹੀ ਮੰਗਦੀਆਂ ਹਨ। ਹਰ ਤਿਉਹਾਰ ਤੇ ਭੈਣਾਂ ਨੂੰ ਆਪਣੇ ਭਰਾਵਾਂ ਨਾਲ ਮਨਾਏ ਦਿਨ ਚੇਤੇ ਆਉਂਦੇ ਹਨ। ਰੱਖੜੀ ਵਰਗੇ ਤਿਉਹਾਰਾਂ ਦੇ ਦਿਨ ਦੂਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਚੇਤੇ ਕਰਦੀਆਂ ਤੇ ਸੋਚਦੀਆਂ ਨਿੱਕੇ ਹੁੰਦੇ ਵੀਰਾਂ ਦੇ ਗੁੱਟ ਤੇ ਬੰਨਿਆਂ ਉਹ ਸਿਰਫ ਧਾਗਾ ਨੀ ਸੀ। ਉਹ ਉਹਨਾਂ ਦੇ ਪਿਆਰ, ਮੋਹ ਤੇ ਸਾਥ ਦੀ ਡੋਰ ਵੀ ਸੀ ਜੋ ਬੀਤ ਰਹੇ ਸਮੇਂ ਨਾਲ ਹੋਰ ਵੀ ਗੂੜੀ ਹੁੰਦੀ ਜਾਂਦੀ ਆ। ਇਹ ਛੋਟੇ ਲਾਡਲੇ ਵੀਰ ਚਾਹੇ ਵਿਆਹੇ ਵੀ ਜਾਣ, ਗਲਤ ਰਾਹਾਂ ਤੇ ਵੀ ਤੁਰ ਪੈਣ, ਪਰ ਭੈਣਾਂ ਲਈ ਫ਼ੇਰ ਵੀ ਇਹ ਨਿਆਣੇ ਜਵਾਕ ਹੀ ਰਹਿੰਦੇ ਹਨ। ਉਹ ਉਠਦੀਆਂ ਬੈਠਦੀਆਂ ਰੱਬ ਅੱਗੇ ਉਹਨਾਂ ਨੂੰ ਸਹੀ ਰਾਸਤੇ ਤੇ ਪਾਉਣ ਦੀਆਂ ਅਰਦਾਸਾਂ ਹੀ ਕਰਦੀਆਂ ਨੇ ਤੇ ਕਦੇ ਕਦੇ ਉਹਨਾਂ ਦੀ ਸੋਹਣੀ ਜ਼ਿੰਦਗੀ ਲਈ ਆਪਣੇ ਲਾਡਲਿਆਂ ਨਾਲ ਲੜਦੀਆਂ ਵੀ ਹਨ।
ਦੂਰ ਬੈਠੀਆਂ ਭੈਣਾਂ ਨੂੰ ਆਪਣੇ ਵੀਰ ਹੀ ਦੁੱਖਾਂ ਵਿਚ ਨਾਲ ਖੜੇ ਮਹਿਸੂਸ ਹੁੰਦੇ ਨੇ। ਆਪਣੇ ਭਰਾਵਾਂ ਵਿਚੋਂ ਉਹ ਆਪਣੇ ਮਾਪਿਆਂ ਦੇ ਢਲਦੀ ਉਮਰ ਦੇ ਸਹਾਰੇ ਵੇਖਦੀਆਂ ਹਨ। ਆਪਣੇ ਭਰਾਵਾਂ ਦੇ ਵਿਆਹਾਂ ਦੇ ਚਾਅ ਕਰਦੀਆਂ, ਆਪਣੀਆਂ ਭਾਬੀਆਂ ਨੂੰ ਭੈਣਾਂ ਵਾਲ਼ਾ ਪਿਆਰ ਤੇ ਦੋਵਾਂ ਨੂੰ ਸੋਹਣੀ ਜ਼ਿੰਦਗੀ ਦੀਆਂ ਦੁਆਵਾਂ ਦਿੰਦੀਆਂ। ਦੂਰ ਪਰਦੇਸਾਂ ਵਿਚ ਜਾਂ ਸੋਹਰੇ ਘਰ ਆਪ ਚਾਹੇ ਦੁਖੀ ਵੀ ਹੋਣ ਤਾਂ ਵੀ ਆਪਣੇ ਭਰਾਵਾਂ ਦਾ ਲੋੜ ਪੈਣ ਤੇ ਹਮੇਸ਼ਾਂ ਸਾਥ ਦਿੰਦੀਆਂ ਰਹਿੰਦੀਆਂ ਹਨ। ਰੱਬ ਤੋਂ ਹਰ ਪਲ ਇਹ ਅਰਦਾਸਾਂ ਕਰਦੀਆਂ ਕੇ ਸਾਡੇ ਵੀਰਾਂ ਦੇ ਚਿਹਰੇ ਤੇ ਹਾਸੇ ਹਮੇਸ਼ਾਂ ਬਣੇ ਰਹਿਣ। ਭਰਾ ਭੈਣਾਂ ਦਾ ਮਾਣ ਹੁੰਦੇ ਨੇ ਤੇ ਰੱਬ ਕਰੇ ਇਹ ਮਾਣ ਤੇ ਮੋਹ ਦੀਆਂ ਤੰਦਾਂ ਕਿਸੇ ਗਿਲੇ- ਸ਼ਿਕਵੇ ਕਰਕੇ ਨਾ ਟੁੱਟਣ।

ਮੇਰੇ ਵੀਰ ਨੂੰ ਦੇਵੀ ਦੁਆ ਰੱਬਾ
ਰਹੇ ਹੱਸਦਾ ਤੇ ਮੁਸਕਾਉਂਦਾ ਉਹ
ਕਦੇ ਲੱਗੇ ਨਾ ਤੱਤੀ ਵਾਅ ਰੱਬਾ
ਪਰਨੀਤ ਕੌਰ ਧਾਲੀਵਾਲ