75 ਮੁਲਕਾਂ ਦੇ ਪੱਤਣਾਂ ਨੂੰ ਛੋਹ ਕੇ, ਘਾਟ-ਘਾਟ ਦਾ ਪਾਣੀ ਪੀਤਾ ਹੈ

ਪੁਸਤਕ ਸਮੀਖਿਆ ਮਾਈ ਜਰਨੀ ਆਫ਼ ਲਾਈਫ਼ ( ਮੇਰਾ ਜੀਵਨ-ਸਫਰ ) – ਸੇਵਾ ਸਿੰਘ ਪ੍ਰੇਮੀ
ਉਹ ਸੋਹਣਾ-ਸੁਨੱਖਾ, ਰਿਸ਼ਟ-ਪੁਸ਼ਟ, ਸਜ-ਧਜ ਕੇ, ਬਣ-ਸੰਵਰ ਕੇ ਘਰੋਂ ਜਾਣ ਵੇਲ਼ੇ ਕਿਸੇ ਮੁਹਿੰਮ `ਤੇ ਨਿਤਰਨ ਵਾਲ਼ਾ ਉਮਰ-ਲੁਕੋਅ ਨੌਜਵਾਨ ਲੱਗਦਾ ਹੈ। ਸੱਤ ਲੜੀ ਪੋਚਵੀਂ ਪੱਗ, ਪੈਂਟ-ਕੋਟ ਪਾਈ, ਟਾਈ ਸਮੇਤ, ਕੋਟ ਉਪਰ ਲੋਗੋ, ਜੇਬ `ਤੇ ਪੈੱਨ, ਕਾਲਰ `ਤੇ ਬੈਜ, ਗੁੱਟ `ਤੇ ਜਚਦੀ ਘੜੀ, ਸਲੀਕੇ ਨਾਲ਼ ਚਿਪਕਾਈ ਦਾੜ੍ਹੀ, ਮੁੱਛਾਂ ਟਿਪ-ਟਾਪ, ਪਾਲਿਸ਼ ਕੀਤੇ ਚਮਕਦੇ ਬੂਟ, ਉਸ ਦਾ ਰੋਅਬਦਾਰ ਚਿਹਰਾ ਵੇਖ ਕੇ ਲਗਦੈ ਕਿ ਅੱਜ ਵੀ ਉਹ ਹੁਣੇ ਤਿਆਰ ਹੋ ਕੇ ਨੇਵੀ ਦੇ ਹੈੱਡਕੁਆਰਟਰ ਨੂੰ ਜਾ ਰਿਹਾ ਹੈ। ਕੈਲਗਰੀ ਵਿੱਚ ਉਹ ਹਰ ਸਮੇਂ ਅਨੁਸ਼ਾਸ਼ਿਤ, ਹਸਮੁੱਖ, ਸਜਿਆ-ਸਜਾਇਆ (Smartly dressed), ਤਿਆਰ-ਬਰਤਿਆਰ ਸਿੱਖ ਦਿਸਦਾ ਹੈ। ਇਸ ਤੋਂ ਵੀ ਵਧ ਕੇ ਮੋਹਿਤ ਕਰਦਾ ਹੈ ਉਸ ਦਾ ਕੰਮ ਕਰਨ, ਗੱਲ ਬਾਤ ਕਰਨ ਅਤੇ ਤੁਰਨ-ਫਿਰਨ ਦਾ ਸਲੀਕਾ। ਜੋ ਵੀ ਉਸ ਨੂੰ ਪੰਜ-ਚਾਰ ਮਿੰਟ ਮਿਲ ਕੇ ਆਉਂਦਾ ਹੈ, ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਇਹ ਹੈ ਸੇਵਾ ਸਿੰਘ ਪ੍ਰੇਮੀ ਦੀ ਦਿੱਖ ਦੀ ਪਹਿਚਾਣ। ਉਸ ਦੀ ਇਹ ਦਿਲ-ਖਿੱਚਵੀਂ ਸ਼ਖ਼ਸੀਅਤ ਸਾਲਾਂ-ਬੱਧੀ ਮਿਹਨਤ, ਸਿਦਕ, ਸਿਰੜ, ਅਨੁਭਵ, ਤਜਰਬੇ ਅਤੇ ਸਿਖਲਾਈ ਸਦਕਾ ਨਿੱਖਰੀ ਹੈ। ਇਸ ਨੂੰ ਜਾਨਣ ਲਈ ਉਸ ਦੁਆਰਾ ਲਿਖੀ ਗਈ ਸ੍ਵੈਜੀਵਨੀ ਪੜ੍ਹਨੀ ਪਵੇਗੀ। ਇਹ 339 ਸਫਿਆਂ ਦੀ ਕਿਤਾਬ ਅੰਗ੍ਰੇਜ਼ੀ ਵਿੱਚ ਹੈ – ਮਾਈ ਜਰਨੀ ਆਫ਼ ਲਾਈਫ਼- ਯਾਨੀ ਮੇਰਾ ਜੀਵਨ-ਸਫਰ, ਜਿਸ ਨੂੰ ਰੋਹਿਨੀ ਪ੍ਰਿੰਟਰਜ਼, ਜਲੰਧਰ ਨੇ ਛਾਪਿਆ ਹੈ। ਪਹਿਲਾ ਐਡੀਸ਼ਨ 2012 ਵਿੱਚ ਛਪਿਆ ਤੇ ਦੂਜਾ ਪਿਛਲੇ ਸਾਲ। ਇਹ ਪੁਸਤਕ ਆਪਣੇ ਮਾਪਿਆਂ ਦੀ ਵਿਰਾਸਤ, ਆਪਣੀ ਪਤਨੀ ਅਤੇ ਔਲਾਦ ਨੂੰ ਸਮਰਪਿਤ ਹੈ। ਅਸਲ ਵਿੱਚ ਇਹ ਉਸ ਦੀ ਸ੍ਵੈਜੀਵਨੀ, ਹੱਡ-ਬੀਤੀ ਜਾਂ ਆਤਮ-ਕਥਾ ਹੀ ਨਹੀਂ, ਸਗੋਂ ਇੱਕ ਤਰ੍ਹਾਂ ਦਾ ਸਫਰਨਾਮਾ ਵੀ ਹੈ ਅਤੇ ਤਕਰੀਬਨ ਪੌਣੀ ਸਦੀ ਦਾ ਇਤਿਹਾਸ ਵੀ ਹੈ। ਜਲੰਧਰ-ਕਪੂਰਥਲੇ ਦੀ ਹੱਦ ਬਣਦੇ ਜਲੰਧਰ ਜ਼ਿਲੇ ਦੇ ਪਿੰਡ ਧੀਰ ਪੁਰ ਤੋਂ ਲੈ ਕੇ ਪੂਰੀ ਦੁਨੀਆਂ ਤੋਂ ਹੁੰਦਾ ਹੋਇਆ ਕੈਲਗਰੀ, ਕੈਨੇਡਾ ਤੱਕ ਦਾ ਪੈਂਡਾ ਹੈ ਜੋ ਤੁਰ ਕੇ ਵੀ ਤੈਅ ਕੀਤਾ, ਬੱਸਾਂ, ਰੇਲਗੱਡੀਆਂ, ਸਮੁੰਦਰੀ ਜਹਾਜ਼ਾਂ, ਹਵਾਈ ਜਹਾਜ਼ਾਂ ਅਤੇ ਕਾਰਾਂ ਰਾਹੀਂ ਵੀ ਹੰਢਾਇਆ ਤੇ ਨਿਬੇੜਿਆ ਹੈ। ਇਸ ਪੈਂਡੇ ਦੌਰਾਨ ਹੋਏ ਕੌੜੇ-ਮਿੱਠੇ ਅਨੁਭਵ ਅਤੇ ਦੇਖੇ-ਪਰਖੇ ਨਜ਼ਾਰੇ ਇਸ ਕਿਤਾਬ ਦੀ ਸਮੱਗਰੀ ਬਣ ਗਏ।

ਭਾਰਤੀ ਨੇਵੀ ਦੇ ਕਮਾਂਡਰ ਮੋਹਨ ਸਿੰਘ ਸਿੱਧੂ ਨੇ ਕਿਤਾਬ ਦੇ ਮੁੱਖ ਬੰਦ ਵਿੱਚ ਇਉਂ ਲਿਖਿਆ ਹੈ, – ਇਸ ਪੁਸਤਕ ਵਿੱਚ ਉਸ ਸ਼ਖ਼ਸ ਦੇ ਸੰਘਰਸ਼, ਜੋਸ਼, ਪੱਕੇ ਇਰਾਦੇ, ਸਮਰਪਣ, ਹੌਸਲੇ, ਇਮਾਨਦਾਰੀ, ਸਖਤ ਮਿਹਨਤ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਦਰਸਾਉਣ ਦਾ ਵਰਨਣ ਹੈ ਜਿਹੜਾ ਇੱਕ ਪਿੰਡ ਦੇ ਮੱਧਵਰਗੀ ਪਰਿਵਾਰ ਵਿੱਚ ਜੰਮਿਆਂ, ਜਿੱਥੇ ਸੜਕਾਂ, ਬਿਜਲੀ, ਆਵਾਜਾਈ ਅਤੇ ਹੋਰ ਮੁੱਢਲੀਆਂ ਜ਼ਰੂਰੀ ਸਹੂਲਤਾਂ ਦੀ ਅਣਹੋਂਦ ਸੀ। ਇਸ ਵਿੱਚ ਉਸ ਦੇ ਵੱਖ-ਵੱਖ ਖੇਤਰਾਂ, ਜਿਵੇਂ ਸਿੱਖਿਆ, ਨੌਕਰੀ, ਕਾਰੋਬਾਰ, ਮਨੁੱਖੀ ਸਰੋਤ ਆਦਿ ਵਿੱਚਲੇ ਅਨੂਭਵ ਸ਼ਾਮਲ ਹਨ। — ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਚਾਰ ਮਹੱਤਵਪੂਰਨ ਪੱਖ ਹੁੰਦੇ ਹਨ – ਜਿਉਣਾ, ਪਿਆਰ ਕਰਨਾ, ਸਿੱਖਣਾ ਅਤੇ ਨਰੋਈ ਵਿਰਾਸਤ ਛੱਡ ਜਾਣਾ। ਸੇਵਾ ਸਿੰਘ ਪ੍ਰੇਮੀ ਨੇ ਇਨ੍ਹਾਂ ਚਾਰਾਂ ਨੂੰ ਪੂਰਨ ਤੌਰ ਤੇ ਪ੍ਰਾਪਤ ਕਰ ਲਿਆ ਹੈ। ਭੂਮਿਕਾ ਵਿੱਚ ਪ੍ਰੇਮੀ ਦੇ ਪ੍ਰਗਟਾਏ ਇਹ ਵਿਚਾਰ ਵੀ ਕਿਤਾਬ ਨੂੰ ਸਮਝਣ ਵਿੱਚ ਸਹਾਈ ਹੋਣਗੇ – ਮੇਰਾ ਸਫਰ ਦਿਲਚਸਪ, ਸਾਹਸੀ ਕਾਰਨਾਮਿਆਂ ਭਰਪੂਰ, ਸੰਘਰਸ਼ਪੂਰਨ ਅਤੇ ਪ੍ਰੇਰਨਾਦਾਇੱਕ ਜਾਪੇਗਾ।— ਅਨੇਕਾਂ ਤਕਲੀਫ਼ਾਂ, ਪ੍ਰੇਸ਼ਾਨੀਆਂ, ਝਟਕਿਆਂ, ਨਾਕਾਮਯਾਬੀਆਂ, ਦੁਸ਼ਵਾਰੀਆਂ ਦੇ ਬਾਵਜੂਦ ਮਾਂ-ਬਾਪ ਤੋਂ ਵਿਰਸੇ ਵਿੱਚ ਮਿਲੇ ਰੱਬ ਉੱਤੇ ਪੱਕੇ ਵਿਸ਼ਵਾਸ ਸਦਕਾ ਮੈਂ ਇਨ੍ਹਾਂ ਸਭ ਰੋਕਾਂ ਨੂੰ ਸਫਲਤਾ ਨਾਲ਼ ਪਾਰ ਕਰ ਸਕਿਆ ਹਾਂ। ਚੁਣੌਤੀਆਂ ਦਾ ਦ੍ਰਿੜ੍ਹ ਇਰਾਦੇ, ਸਹੀ ਵਿਉਂਤਬੰਦੀ ਅਤੇ ਸਕਾਰਾਤਮਕ ਪਹੁੰਚ ਨਾਲ਼ ਟਾਕਰਾ ਕੀਤਾ ਹੈ। ਅਤੀਤ `ਤੇ ਝਾਤ ਮਾਰਦਾ ਹਾਂ ਤਾਂ ਮੇਰਾ ਜੀਵਨ ਸੰਘਰਸ਼ਮਈ, ਜੋਸ਼ ਭਰਪੂਰ ਅਤੇ ਦਿਲਚਸਪ ਪ੍ਰਤੀਤ ਹੁੰਦਾ ਹੈ।

ਪਿੰਡ ਧੀਰਪੁਰ ਵਿੱਚ 26 ਜੁਲਾਈ, 1944 ਨੂੰ ਜੰਮੇ ਸੇਵਾ ਸਿੰਘ ਪ੍ਰੇਮੀ ਨੇ 14 ਸਾਲ ਦੀ ਉਮਰ ਵਿੱਚ ਦਸਵੀਂ ਪਾਸ ਕਰਨ ਮਗਰੋਂ ਗਿਆਨੀ ਅਤੇ ਐਫ.ਏੇ. ( ਅੰਗ੍ਰੇਜ਼ੀ ) ਪਾਸ ਕੀਤੀ। ਕੋਈ 6 ਮਹੀਨੇ ਮਿਡਲ ਸਕੂਲ ਵਿੱਚ ਅਧਿਆਪਕ ਰਿਹਾ ਅਤੇ 16 ਸਾਲ ਦੀ ਉਮਰ ਵਿੱਚ ਵਿਸਾਖਾਪਟਨਮ ਵਿਖੇ ਇੰਡੀਅਨ ਨੇਵੀ ਵਿੱਚ ਜਾ ਦਾਖਲ ਹੋਇਆ। ਉਸ ਦੁਆਰਾ ਆਪਣੇ ਪਿੰਡ ਬਾਰੇ ਵਰਨਣ ਕੀਤੇ ਹਾਲਾਤ ਉਸ ਸਮੇਂ ਦੇ ਪੰਜਾਬ ਦੇ ਸਾਰੇ ਪਿੰਡਾਂ ਦੇ ਹਾਲਾਤ ਦਾ ਪ੍ਰਤੀਕਾਤਮਕ ਇਤਿਹਾਸ ਹੈ। ਗੋਆ ਨੂੰ ਪੁਰਤਗਾਲੀਆਂ ਤੋਂ ਆਜ਼ਾਦ ਕਰਾਉਣ ਲਈ ਕੀਤੀ ਫੌਜੀ ਕਾਰਵਾਈ `ਆਪ੍ਰੇਸ਼ਨ ਵਿਜੈ` ਬਾਰੇ ਲਿਖਦਿਆਂ ਇਸਦਾ ਪਿਛਲਾ ਇਤਿਹਾਸ ਵੀ ਸਾਹਮਣੇ ਲਿਆਂਦਾ ਹੈ, ਕਿ ਕਿਵੇਂ ਨੇਵਲ ਕਮਾਂਡਰ ਵਾਸਕੋ-ਡਾ-ਗਾਮਾ 1497 ਵਿੱਚ ਲਿਜ਼ਬਨ ਤੋਂ ਚਾਰ ਸਮੁੰਦਰੀ ਜਹਾਜ਼ ਲੈ ਕੇ ਕਾਲੀਕਟ ਬੰਦਰਗਾਹ ਉੱਤੇ ਪੁੱਜਿਆ ਸੀ। ਫਿਰ 1502 ਵਿੱਚ ਬਾਦਸ਼ਾਹ ਮੈਨੁਇਲ ਪਹਿਲੇ ਨੇ 20 ਹੋਰ ਜਹਾਜ਼ ਭੇਜੇ ਸਨ। 1524 ਵਿੱਚ ਵਾਸਕੋ-ਡਾ-ਗਾਮਾ ਨੂੰ ਇੱਥੋਂ ਦੀ ਕਾਲੋਨੀ ਦਾ ਵਾਇਸਰਾਏ ਥਾਪਿਆ। ਗੋਆ ਬਾਰੇ ਇਹ ਵੀ ਲਿਖਿਆ ਹੈ ਕਿ ਇੱਥੇ ਸੇਂਟ ਜ਼ੇਵੀਅਰ ਚਰਚ ਵਿੱਚ 400 ਸਾਲਾਂ ਤੋਂ ਪਹਿਲਾਂ ਦੀ ਪਈ ਸੇਂਟ ਜ਼ੇਵੀਅਰ ਦੀ ਦੇਹ ਮਾਰਮਾਗੋਆ ਵਿਖੇ ਸੰਭਾਲ਼ੀ ਹੋਈ ਹੈ। ਆਪ੍ਰੇਸ਼ਨ ਵਿਜੈ 36 ਘੰਟੇ ਚੱਲਿਆ ਅਤੇ ਇਸ ਨਾਲ਼ 451 ਸਾਲ ਪੁਰਾਣੇ ਪੁਰਤਗਾਲੀ ਬਸਤੀਵਾਦੀ ਰਾਜ ਦਾ ਖਾਤਮਾ ਹੋਇਆ। ਪੁਰਤਗਾਲੀਆਂ ਦਾ ਜੰਗੀ ਜਹਾਜ਼ ਐਚ ਐਮ ਐਸ ਅਲਬੂਕਰਕ ਕਬਜ਼ੇ ਵਿੱਚ ਕਰ ਕੇ ਬੰਬਈ ਲਿਆਂਦਾ ਗਿਆ ਸੀ।
ਸੇਵਾ ਸਿੰਘ ਦੀ ਸ਼ਾਦੀ 1968 ਵਿੱਚ ਹੋਈ। ਨੇਵੀ ਦੀ ਸਰਵਿਸ ਦੌਰਾਨ ਬੀ. ਏ. ਕੀਤੀ। 1971 ਵਿੱਚ ਭਾਰਤੀ ਨੇਵੀ ਤੋਂ ਸ੍ਵੈਇੱਛਤ ਸੇਵਾ ਮੁਕਤੀ ਲੈ ਲਈ। ਫਿਰ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਵਿਖੇ ਡਾਇਰੈਕਟਰ ਜਨਰਲ ਆਫ ਸਕਿਉਰਿਟੀ ਦੇ ਦਫ਼ਤਰ ਵਿੱਚ ਸਹਾਇੱਕ ਕੇਂਦਰੀ ਇੰਟੈਲੀਜੈਂਸ ਅਫਸਰ ਵੱਜੋਂ ਜ਼ਿੰਮੇਵਾਰੀ ਸੰਭਾਲ਼ੀ। ਇਸ ਤੋਂ ਬਾਅਦ ਭਾਰਤ, ਪੈਨਾਮਾ ਅਤੇ ਲਿਬੇਰੀਆ ਤੋਂ ਮੈਰੀਨ ਰੇਡੀਉ ਅਫਸਰ ਲਈ ਅੰਤਰਰਾਸ਼ਟਰੀ ਲਾਈਸੰਸ ਪ੍ਰਾਪਤ ਕਰਨ ਮਗਰੋਂ 1983 ਵਿੱਚ ਬੰਬਈ (ਹੁਣ ਮੁੰਬਈ) ਵਿਖੇ ਬਤੌਰ ਮੈਰੀਨ ਰੇਡੀਉ ਅਫ਼ਸਰ ਮਰਚੈਂਟ ਨੇਵੀ ਵਿੱਚ ਆ ਗਿਆ। ਸਮੁੰਦਰੀ ਜਹਾਜ਼ ਉਪਰ ਚੀਫ਼ ਰੇਡੀਉ ਅਫ਼ਸਰ ਵੱਜੋਂ ਨਿਯੁਕਤੀ ਹੋਈ। ਬਸ ਫੇਰ ਕੀ ਸੀ, ਖੋਜੀ ਬਿਰਤੀ ਵਾਲ਼ੇ ਇਸ ਉਤਸ਼ਾਹੀ ਨੌਜਵਾਨ ਦੇ ਦੁਨੀਆਂ ਦੇ ਚੱਕਰ ਲੱਗਣੇ ਸ਼ੁਰੂ ਹੋ ਗਏ। ਜਿੱਥੇ ਕਿਤੇ ਵੀ ਜਹਾਜ਼ ਰੁਕਦਾ, ਉੱਥੋਂ ਦਾ ਧਰਾਤਲ, ਪੌਣ ਪਾਣੀ, ਲੋਕ, ਲੋਕਾਂ ਦਾ ਰਹਿਣ ਸਹਿਣ, ਦੇਖਣਯੋਗ ਥਾਵਾਂ ਆਦਿ ਬਾਰੇ ਖੋਜ-ਭਰਪੂਰ ਜਾਣਕਾਰੀ ਡਾਇਰੀ ਵਿੱਚ ਉਤਾਰਦਾ ਰਹਿੰਦਾ। ਇੱਥੋਂ ਤਕ ਕਿ ਸਾਰੇ ਦੇਸ਼ਾਂ ਦੇ ਕਰੰਸੀ ਦੇ ਨਮੂਨੇ ਵੀ ਇਕੱਠੇ ਕਰਕੇ ਸਾਂਭ ਲਏ ਹਨ। ਉਹ ਇਨ੍ਹਾਂ ਦੇਸ਼ਾਂ ਦੀ ਸਭਿਅਤਾ, ਸਿਆਸੀ ਢਾਂਚਾ, ਇਤਿਹਾਸ, ਪੁਰਾਤੱਤਵੀ ਮਹੱਤਵ, ਦਿਲਚਸਪ ਥਾਵਾਂ ਤੇ ਘਟਨਾਵਾਂ ਬਾਰੇ ਬਾਕਾਇਦਾ ਡਾਇਰੀ ਵਿੱਚ ਦਰਜ ਕਰਦਾ ਰਹਿੰਦਾ। ਉਦਾਹਰਣ ਵੱਜੋਂ ਮਲੇਸ਼ੀਆ ਬਾਰੇ ਲਿਖਿਆ ਹੈ ਕਿ ਪੀਨਾਂਗ ਮੁੱਖ ਧਰਾਤਲ ਤੋਂ 13.5 ਕਿਲੋਮੀਟਰ ਦੂਰ ਟਾਪੂ ਹੈ ਜੋ ਪੀਨਾਂਗ ਪੁਲ਼ ਦੁਆਰਾ ਜੁੜਿਆ ਹੋਇਆ ਹੈ। ਇਹ ਖਿੱਤਾ ਜਹਾਜ਼ਰਾਨੀ ਲਈ ਖ਼ਤਰਨਾਕ ਮੰਨਿਆਂ ਗਿਆ ਹੈ ਕਿਉਂ ਕਿ ਇੱਥੇ ਸਮੁੰਦਰੀ ਲੁਟੇਰੇ ਸਰਗਰਮ ਹਨ। ਇੱਥੇ ਸਾਰੇ ਜਹਾਜ਼ਾਂ ਨੂੰ ਅੰਤਰਰਾਸ਼ਟਰੀ ਚੌਕਸੀ ਅਧੀਨ ਜਾਣਾ ਪੈਂਦਾ ਹੈ।

ਸੇਵਾ ਸਿੰਘ ਦੇ ਲਿਖਣ ਮੁਤਾਬਕ ਉਸ ਨੇ ਜਹਾਜ਼ਰਾਨੀ ਦੌਰਾਨ ਕੋਈ 75 ਮੁਲਕਾਂ ਦੇ ਪੱਤਣਾਂ ਨੂੰ ਛੋਹ ਕੇ, ਅੰਦਰ ਜਾ ਕੇ, ਘਾਟ-ਘਾਟ ਦਾ ਪਾਣੀ ਪੀਤਾ ਹੈ। ਰੇਡੀਉ ਅਫਸਰ ਜਹਾਜ਼ ਦੀ, ਲੱਦੇ ਹੋਏ ਮਾਲ ਦੀ, ਅਤੇ ਇਸ ਉਪਰਲੇ ਕਾਰਕੁਨਾਂ ਦੀ ਰਾਖੀ ਲਈ ਸਭ ਤੋਂ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੈ। ਉਸ ਨੂੰ ਹਰ ਵਕਤ ਵਧੇਰੇ ਚੌਕਸੀ ਨਾਲ਼ ਮੌਸਮ ਦੇ ਹਾਲਾਤ, ਤੂਫ਼ਾਨ ਅਤੇ ਹਰ ਕਿਸਮ ਦੀਆਂ ਚਿਤਾਵਨੀਆਂ ਪ੍ਰਤੀ ਸੁਚੇਤ ਤੇ ਚੌਕਸ ਰਹਿਣਾ ਪੈਂਦਾ ਹੈ, ਤਾਂ ਜੋ ਸਾਰਿਆਂ ਦੀ ਸੁਰੱਖਿਆ ਅਤੇ ਸਲਾਮਤੀ ਖਾਤਰ ਸਮੇਂ ਸਿਰ ਬਣਦੀ ਕਾਰਵਾਈ ਹੋ ਸਕੇ। ਸਮੁੰਦਰ ਵਿੱਚ ਥਾਂ-ਥਾਂ ਪਰ ਖ਼ਤਰਿਆਂ ਦਾ ਟਾਕਰਾ ਕਰਨਾ ਪੈਂਦਾ ਹੈ – ਕਿਤੇ ਸਮੁੰਦਰੀ ਲਹਿਰਾਂ ਦਾ ਅਣਕਿਆਸਿਆ ਉਤਾਰ-ਚੜ੍ਹਾਅ, ਕਿਤੇ ਸਮੁੰਦਰੀ ਤੂਫ਼ਾਨ, ਕਿਤੇ ਸ਼ਾਰਕ ਵਰਗੀਆਂ ਮੱਛੀਆਂ, ਕਿਤੇ ਸਮੁੰਦਰੀ ਡਾਕੂ। ਕੋਈ 10 ਜਹਾਜ਼ਾਂ `ਤੇ 14 ਸਾਲ ਮਰਚੈਂਟ ਨੇਵੀ ਦੀ ਸੇਵਾ ਕਰਨ ਮਗਰੋਂ ਸੇਵਾ ਸਿੰਘ ਨੇ ਜੁਲਾਈ, 1996 ਵਿੱਚ ਸੇਵਾਮੁਕਤੀ ਲੈ ਲਈ।
ਜ਼ਿੰਦਗੀ ਵਿੱਚ ਤਰੱਕੀ ਅਤੇ ਵਿਕਾਸ ਦੀਆਂ ਉਚਾਈਆਂ ਸਰ ਕਰਨ ਦੀ ਤਮੰਨਾ ਰੱਖਣ ਵਾਲ਼ੇ ਸੇਵਾ ਸਿੰਘ ਨੇ ਅਜੇ ਹੋਰ, ਪਰ ਵੱਖਰੀਆਂ ਟੀਸੀਆਂ `ਤੇ ਅਪੜਨਾ ਸੀ। ਉਸ ਵਾਸਤੇ ਤਾਂ ਜ਼ਿੰਦਗੀ ਕਦੇ ਨਾ ਮੁੱਕਣ ਵਾਲ਼ਾ ਪੰਧ ਸੀ, ਰਸਤੇ ਵਿੱਚ ਅਨੇਕਾਂ ਪੜਾਅ ਸਨ ਪਰ ਕੋਈ ਵੀ ਆਖਰੀ ਮੰਜ਼ਿਲ ਨਹੀਂ। ਇਹੋ ਸੋਚ ਪ੍ਰਗਤੀ, ਵਿਕਾਸ ਅਤੇ ਸੁਪਨੇ ਪੂਰਨ ਦੀ ਜਨਮਦਾਤੀ ਹੁੰਦੀ ਹੈ। ਇਹੋ ਧਾਰਨਾ ਸਮੁੰਦਰਾਂ ਤੋਂ ਪਾਰ ਲਿਜਾਂਦੀ ਹੈ, ਅਕਾਸ਼ ਵਿੱਚ ਉਡਾਰੀਆਂ ਲਵਾਉਂਦੀ ਹੈ, ਮੁਸੀਬਤਾਂ ਨੂੰ ਠੋਕਰ ਮਾਰਦੀ ਹੈ, ਨਵੇਂ ਦਿਸ-ਹੱਦੇ ਸਿਰਜਦੀ ਹੈ, ਹੋਣੀ`ਤੇ ਫ਼ਤਹਿ ਪ੍ਰਾਪਤ ਕਰਦੀ ਹੈ, ਜ਼ਿੰਦਗੀ ਨੂੰ ਸੰਪੂਰਨਤਾ ਵੱਲ ਲੈ ਜਾਂਦੀ ਹੈ ਅਤੇ ਮੌਕਾ ਆਉਣ ਤੇ ਮੌਤ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਦੀ ਜੁਰੱਅਤ ਕਰਦੀ ਹੈ
– ਠਹਿਰ ਜਾ ਮੌਤੇ ਕਾਹਲ਼ੀਏ ਮੈਂ ਅਜੇ ਨਾ ਵਿਹਲੀ।
ਸੇਵਾ ਸਿੰਘ ਦਾ ਜੀਵਨ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਸ ਲਈ ਇਹ ਵਿਹਲਾ ਰਹਿਣ ਦਾ ਸਮਾਂ ਨਹੀਂ ਸੀ। ਬਥੇਰੇ ਮੁਲਕ ਵੇਖੇ ਹੋਏ ਸਨ । ਇਸ ਲਈ ਉਸ ਨੂੰ ਇਹ ਚੋਣ ਕਰਨ ਵਿੱਚ ਕੋਈ ਮੁਸ਼ਕਲ ਜਾਂ ਦੁਬਿਧਾ ਪੇਸ਼ ਨਹੀਂ ਆਈ ਕਿ ਕਿਹੜੇ ਮੁਲਕ ਵਿੱਚ ਜ਼ਿੰਦਗੀ ਹੋਰ ਬੇਹਤਰ ਹੋ ਸਕਦੀ ਹੈ ਤੇ ਕਿੱਥੇ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਉਜਲਾ ਹੋ ਸਕਦਾ ਹੈ। ਸੋ ਕੁਦਰਤੀ ਸੀ ਕਿ ਉਹ ਆਖਰੀ ਟਿਕਾਣਾ ਕੈਨੇਡਾ ਨੂੰ ਬਣਾਉਂਦਾ। ਦ੍ਰਿੜ੍ਹ ਨਿਸ਼ਚਾ ਕਰ ਕੇ ਪਰਿਵਾਰ ਸਮੇਤ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਆ ਗਿਆ।

ਕੈਲਗਰੀ ਵਿੱਚ ਪਹਿਲਾਂ ਦੋ ਸਾਲ ਹਵਾਈ ਅੱਡੇ `ਤੇ ਸਕਰੀਨਿੰਗ ਸਕਿਉਰਿਟੀ ਅਫਸਰ ਵੱਜੋਂ ਕੰਮ ਕੀਤਾ। ਉਸੇ ਸਮੇਂ ਇੰਡੀਅਨ ਐਕਸ-ਸਰਵਿਸਮੈਨ ਇੰਮੀਗਰੈਂਟ ਐਸੋਸੀਏਸ਼ਨ ਦਾ ਮੈਂਬਰ ਬਣ ਕੇ ਵਾਲੰਟੀਅਰ ਸੇਵਾਵਾਂ ਦਿੱਤੀਆਂ। ਤਕਰੀਬਨ ਦਸ ਸਾਲ ਅਲਬਰਟਾ ਸਕਿਉਰਿਟੀ ਕਮਿਸ਼ਨ ਦੇ ਹੈਰੀਟੇਜ ਐਜੂਕੇਸ਼ਨ ਫੰਡ ਨਾਮੀ ਸੰਸਥਾ ਵਿੱਚ ਐਨਰੋਲਮੈਂਟ ਅਫਸਰ ਵੱਜੋਂ ਸੇਵਾ ਨਿਭਾਈ ਅਤੇ ਬੱਚਿਆਂ ਨੂੰ ਸੈਕੰਡਰੀ ਤੋਂ ਅਗਲੀ ਪੜ੍ਹਾਈ ਵਾਸਤੇ ਭੇਜਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ। ਸੰਨ 2016 ਵਿੱਚ ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਤੇ ਇਸ ਦੇ ਬਾਨੀ ਪ੍ਰਧਾਨ ਬਣੇ ਜੋ ਅੱਜ ਤੱਕ ਹਨ। ਇੱਥੇ ਆਪਣੇ ਭਾਈਚਾਰੇ ਦੇ ਲੋਕਾਂ ਲਈ ਹਰ ਤਰ੍ਹਾਂ ਦੇ ਸਰਕਾਰੀ ਜਾਂ ਅਰਧ-ਸਰਕਾਰੀ ਕੰਮ ਕਰਵਾਉਣ ਲਈ ਸਲਾਹ ਦੇਣ, ਜਾਣਕਾਰੀ ਦੇਣ, ਫਾਰਮ ਭਰਨ, ਅੜਚਨਾਂ ਦੂਰ ਕਰਨ ਅਤੇ ਹੋਰ ਲੋੜੀਂਦੀ ਸਬਾਇਤਾ ਕਰਨ ਵਰਗੇ ਕਾਰਜ ਕਰ ਰਹੇ ਹਨ। ਨੋਟਰੀ ਪਬਲਿਕ ਦੀ ਹੈਸੀਅਤ ਵਿੱਚ ਸਰਟੀਫ਼ੀਕੇਟ ਅਤੇ ਕਾਪੀਆਂ ਵਗੈਰਾ ਦੇ ਦਸਤਾਵੇਜ਼ ਤਸਦੀਕ ਕਰਨ ਦੀਆਂ ਸੇਵਾਵਾਂ ਵੀ ਪ੍ਰਦਾਨ ਕਰ ਰਹੇ ਹਨ।
ਕੈਲਗਰੀ ਵਿੱਚ ਵੱਖੋ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਉਸ ਨੂੰ ਕਈ ਐਵਾਰਡ ਦੇ ਕੇ ਸਨਮਾਨਿਆਂ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਕੁੱਝ ਉਲੇਖਯੋਗ ਹਨ – ਕੈਨੇਡਾ ਕਪ ਐਵਾਰਡ, ਮਿਲੀਅਨ ਡਾਲਰ ਕਲੱਬ ਮੈਂਬਰ ਐਵਾਰਡ, ਮਨਿਸਟਰਜ਼ ਸੀਨੀਅਰ ਸਰਵਿਸ ਐਵਾਰਡ, ਕਮਿਊਨਿਟੀ ਐਵਾਰਡ, ਭਾਰਤੀ ਸਫਾਰਤਖਾਨੇ ਵੱਲੋਂ `ਵਰਿਸ਼ਠ ਯੋਧਾ ਐਵਾਰਡ`, ਕੈਨੇਡਾ ਸਰਕਾਰ ਵੱਲੋਂ `ਕੁਈਨ ਐਲਿਜ਼ਾਬਥ ਦੂਜੀ ਪਲਾਟੀਨਮ ਜੁਬਲੀ ਐਵਾਰਡ` ਅਤੇ ਕਈ ਹੋਰ।

ਉਹ ਭਾਈਚਾਰੇ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਖ਼ੁਸ਼ੀ ਤੇ ਉਤਸ਼ਾਹ ਨਾਲ਼ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ, ਜਿਵੇਂ ਗੁਰਪੁਰਬ, ਤਿਉਹਾਰ, ਰਾਸ਼ਟਰੀ, ਅੰਤਰਰਾਸ਼ਟਰੀ ਦਿਵਸ ਮਨਾਉਣੇ। ਸੇਵਾ ਸਿੰਘ ਕਿਸੇ ਮੁਸੀਬਤ ਤੋਂ ਘਬਰਾਉਣ ਵਾਲ਼ਾ ਨਹੀਂ, ਕਿਸੇ ਵੱਡੇ ਕਾਰਜ ਨੂੰ ਹੱਥ ਵਿੱਚ ਲੈਣ ਤੋਂ ਪਿੱਛੇ ਹਟਣ ਵਾਲ਼ਾ ਨਹੀਂ, ਮਿਥੇ ਹੋਏ ਨਿਸ਼ਾਨੇ ਦੀ ਪ੍ਰਾਪਤੀ ਤੋਂ ਪਹਿਲਾਂ ਰੁਕਣ ਵਾਲ਼ਾ ਨਹੀਂ। ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣਾ, ਮੁਸਕਰਾਉਂਦੇ ਰਹਿਣਾ ਉਸ ਦੀ ਸ਼ਖ਼ੀਅਤ ਦੇ ਵੱਡੇ ਗੁਣ ਹਨ। ਹੱਸ ਕੇ ਮਿਲਣਾ, ਨਿਮਰਤਾ ਅਤੇ ਨਿੱਘ ਨਾਲ਼ ਪੇਸ਼ ਆਉਣਾ, ਊਰਜਾ ਵੰਡਣਾ, ਪ੍ਰੇਰਨਾ ਦੇਣਾ, ਉਤਸ਼ਾਹਿਤ ਕਰਨਾ ਉਸ ਦੇ ਸੁਭਾਅ ਵਿੱਚ ਹਨ।

ਉਸ ਦੇ ਜੀਵਨ ਦੇ ਉਪ੍ਰੋਕਤ ਵੇਰਵੇ ਇਸ ਪੁਸਤਕ ਵਿੱਚ ਬੜੇ ਵਿਸਥਾਰ ਨਾਲ਼ ਬਿਆਨ ਕੀਤੇ ਹੋਏ ਹਨ। ਉਸ ਦੇ ਜੀਵਨ ਦਾ ਇਹ ਸਫਰ ਇੱਕ ਸਾਧਾਰਨ ਆਦਮੀ ਦੇ ਅਸਾਧਾਰਨ ਉੱਦਮ ਅਤੇ ਸ਼ਾਨਦਾਰ ਪ੍ਰਾਪਤੀਆਂ ਦੀ ਦਾਸਤਾਨ ਹੈ। ਇਸ ਇੱਕੋ ਪੁਸਤਕ ਵਿੱਚ ਇੰਡੀਅਨ ਨੇਵੀ, ਮਰਚੈਂਟ ਨੇਵੀ, ਲੜਾਈਆਂ, ਗੋਆ ਤੇ ਬੰਗਲਾਦੇਸ਼ ਬਾਰੇ ਤਫਸੀਲ, ਇੰਟੈਲੀਜੈਂਸ ਬਿਊਰੋ, ਸਮੁੰਦਰੀ ਜਹਾਜ਼ਾਂ ਬਾਰੇ, ਜਹਾਜ਼ਰਾਨੀ ਬਾਰੇ, ਮੁਲਕਾਂ, ਸ਼ਹਿਰਾਂ, ਬੰਦਰਗਾਹਾਂ ਆਦਿ ਬਾਰੇ ਭਰਪੂਰ ਜਾਣਕਾਰੀ ਸਮਾਈ ਹੋਈ ਹੈ। ਇਤਿਹਾਸ, ਸਾਡੀਆਂ ਸਮਾਜਿਕ ਰਹੁ-ਰੀਤਾਂ, ਪਰਿਵਾਰਿਕ, ਸਮਾਜਿਕ, ਆਰਥਿਕ ਅਵਸਥਾ, ਪਿੰਡਾਂ ਦੀ ਉਸ ਸਮੇਂ ਦੀ ਨੁਹਾਰ, ਰਿਸ਼ਤਿਆਂ ਦੀ ਪਵਿੱਤਰਤਾ ਆਦਿ ਬਾਰੇ ਸਹੀ ਵਰਨਣ ਮਿਲਦਾ ਹੈ। ਪੁਸਤਕ ਦੀ ਛਪਾਈ ਅਤੇ ਦਿੱਖ ਸੁੰਦਰ ਹੈ। ਭਾਸ਼ਾ ਸਰਲ, ਉਪਯੁਕਤ ਅਤੇ ਵਿਸ਼ੇ ਮੁਤਾਬਕ ਢੁਕਵੀਂ ਹੈ। ਬਿਆਨੀਆ-ਜੁਗਤ ਐਸੀ ਹੈ ਕਿ ਲੇਖਕ ਬੈਠੇ-ਬਿਠਾਏ ਪਾਠਕ ਨੂੰ ਉਂਗਲ਼ ਫੜ ਕੇ ਥਾਂ-ਪਰ-ਥਾਂ ਦੀ ਸਹਿਜੇ ਹੀ ਸੈਰ ਕਰਵਾ ਦਿੰਦਾ ਹੈ। ਪਾਠਕ ਇਸ ਨੂੰ ਮਾਣਦਾ ਵੀ ਹੈ ਅਤੇ ਜਦੋਂ ਪੜ੍ਹ ਕੇ ਹਟਦਾ ਹੈ ਤਾਂ ਉਸ ਦੇ ਗਿਆਨ ਵਿੱਚ ਗੁਣਾਤਮਕ ਵਾਧਾ ਹੁੰਦਾ ਹੈ। ਲੱਗਦਾ ਹੈ ਜਿਵੇਂ ਹੁਣੇ ਦੁਨੀਆਂ ਦੀ ਸੈਰ ਕਰ ਕੇ ਆਇਆ ਹੋਵੇ। ਸੇਵਾ ਸਿੰਘ ਪ੍ਰੇਮੀ ਨੇ ਜ਼ਿੰਦਗੀ ਵਿੱਚ ਹੰਢਾਏ ਅਨੁਭਵ ਦੇ ਅਧਾਰ `ਤੇ ਬਹੁਤ ਥਾਈਂ ਕੁੱਝ ਕਹਾਵਤਾਂ ਵਰਗੇ ਵਾਕ ਟੇਢੇ ਅੱਖਰਾਂ ਵਿੱਚ ਅੰਕਿਤ ਕੀਤੇ ਹਨ ਜੋ ਹਰ ਕਿਸੇ ਲਈ ਕੰਮ ਆਉਣ ਵਾਲ਼ੇ ਉਪਦੇਸ਼ ਮੰਨੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਕੁੱਝ ਇੱਥੇ ਦਿੱਤੇ ਜਾ ਰਹੇ ਹਨ।
– ਮੈਂ ਆਪਣੇ ਆਲ਼ੇ-ਦੁਆਲ਼ੇ ਦੀ ਪੈਦਾਇਸ਼ ਸਾਂ, ਜ਼ਿੰਦਗੀ ਵਿੱਚ ਪ੍ਰਾਪਤੀਆਂ ਕਰਨ ਲਈ ਕਾਮਯਾਬ ਹੋਣ ਦੀ ਤਿੱਖੀ ਕਾਮਨਾ ਲੈ ਕੇ ਵੱਡਾ ਹੋਇਆ।
– ਘਟੀਆ ਵਿੱਦਿਆ ਬਾਰੇ ਸਮਝੌਤਾ ਕਰਨ ਨਾਲ਼ ਚੰਗੇ ਨਤੀਜੇ ਨਹੀਂ ਮਿਲਦੇ।
– ਸਖਤ ਮਿਹਨਤ ਦਾ ਕੋਈ ਬਦਲ ਨਹੀਂ। – ਆਪਣੇ ਪ੍ਰਤੀ ਸੱਚੇ ਰਹੋ, ਰੱਬ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇਗਾ।
– ਕੁੱਝ ਪ੍ਰਾਪਤ ਕਰਨ ਲਈ ਜੋਖਮ ਉਠਾਉਣੇ ਹੀ ਪੈਂਦੇ ਹਨ।
– ਕੋਈ ਵੀ ਅਸਫਲ ਹੋਣ ਲਈ ਵਿਉਂਤ ਨਹੀਂ ਬਣਾਉਂਦਾ ਪਰ ਵਿਉਂਤਬੰਦੀ ਕਰਨ ਵਿੱਚ ਅਸਫਲ ਭਾਵੇਂ ਰਹੇ।
– ਕੁੱਝ ਪ੍ਰਾਪਤ ਕਰਨ ਲਈ ਕੁੱਝ ਗੁਆਉਣਾ ਵੀ ਪੈਂਦਾ ਹੈ।
– ਕਿਸੇ ਕਾਰਜ ਲਈ ਅਨਿਸ਼ਚਿਤਤਾ ਨੂੰ ਨਕਾਰਿਆ ਨਹੀਂ ਜਾ ਸਕਦਾ।
– ਹਰੇਕ ਅਸਫਲਤਾ ਕਾਮਯਾਬ ਹੋਣ ਦਾ ਸਬਕ ਸਿਖਾ ਜਾਂਦੀ ਹੈ।
– ਨੇਵੀ ਨੇ ਮੈਨੂੰ ਜਿਉਣਾ ਅਤੇ ਭਿਆਨਕ ਚੁਣੌਤੀਆਂ ਦਾ ਟਾਕਰਾ ਕਰਨਾ ਸਿਖਾਇਆ।
– ਜਟਿਲ ਹਾਲਤਾਂ ਵਿੱਚ ਕਾਹਲ਼ੀ ਨਾਲ਼ ਗ਼ਲਤ ਫੈਸਲਾ ਲੈਣ ਨਾਲ਼ੋਂ ਇਸ ਨੂੰ ਕੁੱਝ ਦੇਰ ਲਈ ਟਾਲ਼ ਦੇਣਾ ਚਾਹੀਦਾ ਹੈ।
– ਬੀਤੀਆਂ ਕੁਸੈਲ਼ੀਆਂ ਯਾਦਾਂ ਨੂੰ ਭੁੱਲ ਕੇ ਅੱਗੇ ਵਧਦੇ ਰਹਿਣਾ ਤੇ ਸਾਹਸੀ ਕਾਰਜ ਕਰਨਾ ਹੀ ਜ਼ਿੰਦਗੀ ਦੀ ਹੋਣੀ ਹੈ।
ਉਮੀਦ ਕਰਨੀ ਵਾਜਬ ਹੈ ਕਿ ਇਸ ਪੁਸਤਕ ਨੂੰ ਪੜ੍ਹਨ ਵਾਲ਼ੇ ਪ੍ਰੇਰਨਾ ਅਤੇ ਊਰਜਾ ਲੈ ਕੇ ਜੀਵਨ ਵਿੱਚ ਕਾਮਯਾਬੀਆਂ ਹਾਸਲ ਕਰਨਗੇ।
(ਸੇਵਾ ਸਿੰਘ ਪ੍ਰੇਮੀ ਦਾ ਸੰਪਰਕ ਨੰ. 403 809 8989.)
ਸਮੀਖਿਆਕਾਰ – ਜਗਦੇਵ ਸਿੱਧੂ, ਕੈਲਗਰੀ, 825 712 1135.
